
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

55 ਤੋਂ ਵੱਧ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਠੱਪ, 4 ਹਜ਼ਾਰ ਤੋਂ ਵੱਧ ਮਰੀਜ਼ ਸੇਵਾਵਾਂ ਤੋਂ ਵਾਂਝੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਜ਼ਿਲ੍ਹੇ ’ਚ ਆਮ ਆਦਮੀ ਕਲੀਨਿਕਾਂ ’ਚ ਤਾਇਨਾਤ ਡਾਕਟਰਾਂ, ਫਾਰਮਾਸਿਸਟਾਂ ਤੇ ਕਲੀਨਿਕਲ ਅਸਿਸਟੈਂਟਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਇਸ ਹੜਤਾਲ ਕਾਰਨ ਜ਼ਿਲ੍ਹੇ ਦੇ ਕੁੱਲ 85 ’ਚੋਂ ਕਰੀਬ 55 ਆਮ ਆਦਮੀ ਕਲੀਨਿਕਾਂ ’ਚ ਮੰਗਲਵਾਰ ਨੂੰ ਤਾਲੇ ਲਟਕੇ ਰਹੇ। ਹੜਤਾਲ ਦਾ ਸਿੱਧਾ ਅਸਰ ਮਰੀਜ਼ਾਂ 'ਤੇ ਪਿਆ। ਇਕ ਹੀ ਦਿਨ ’ਚ ਕਰੀਬ 4 ਹਜ਼ਾਰ ਮਰੀਜ਼ ਇਲਾਜ ਤੋਂ ਵਾਂਝੇ ਰਹੇ, ਜਦਕਿ ਲਗਭਗ 1800 ਮਰੀਜ਼ਾਂ ਦੇ ਲੈਬ ਟੈਸਟ ਨਹੀਂ ਹੋ ਸਕੇ। ਮਜਬੂਰਨ ਮਰੀਜ਼ਾਂ ਨੂੰ ਨਿੱਜੀ ਕਲੀਨਿਕਾਂ ਤੇ ਨੇੜਲੇ ਸਰਕਾਰੀ ਸਿਹਤ ਕੇਂਦਰਾਂ ਦਾ ਰੁਖ ਕਰਨਾ ਪਿਆ। ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ। ਆਮ ਆਦਮੀ ਕਲੀਨਿਕ ਸਾਂਝਾ ਮੋਰਚਾ ਦੀ ਜਲੰਧਰ ਇਕਾਈ ਦੀ ਪ੍ਰਧਾਨ ਪ੍ਰੀਤੀ ਵਾਲੀਆ ਤੇ ਪਰਲ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਸ ਸਬੰਧੀ ਸਿਹਤ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੋਈ। ਨਤੀਜਾ ਸਿਫ਼ਰ ਰਹਿਣ ਕਾਰਨ ਨਾਰਾਜ਼ ਡਾਕਟਰ, ਫਾਰਮਾਸਿਸਟ ਤੇ ਕਲੀਨਿਕਲ ਅਸਿਸਟੈਂਟ ਮੰਗਲਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ। ਸਟਾਫ ਨੇ ਧਰਨਾ ਦੇ ਕੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦ ਮੰਗਾਂ 'ਤੇ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
----------------------
ਖੱਜਲ-ਖੁਆਰੀ ਮਰੀਜ਼ਾਂ ਦੀ ਜ਼ੁਬਾਨੀ
ਮੁਫ਼ਤ ਦਵਾਈ ਲਈ ਭਟਕਣਾ ਪਿਆ
ਹੜਤਾਲ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਆਮ ਮਰੀਜ਼ਾਂ ਨੂੰ ਝੱਲਣੀ ਪੈ ਰਹੀ ਹੈ। ਬੱਸ ਸਟੈਂਡ ਨੇੜੇ ਰੋਡਵੇਜ਼ ਡਿਪੋ ਨਾਲ ਲੱਗਦੇ ਆਮ ਆਦਮੀ ਕਲੀਨਿਕ ’ਚ ਦਵਾਈ ਲੈਣ ਪਹੁੰਚੇ ਸੁਦਰਸ਼ਨ ਲਾਲ ਨੇ ਦੱਸਿਆ ਕਿ ਬਿਮਾਰ ਹੋਣ ਕਾਰਨ ਉਹ ਦਵਾਈ ਲੈਣ ਆਏ ਸਨ ਪਰ ਕਲੀਨਿਕ ਦੇ ਮੁੱਖ ਗੇਟ 'ਤੇ ਤਾਲਾ ਲੱਗਾ ਮਿਲਿਆ। ਸਟਾਫ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਮਜਬੂਰਨ ਨੇੜਲੀ ਨਿੱਜੀ ਮੈਡੀਕਲ ਦੁਕਾਨ 'ਤੇ ਪੁਰਾਣੀ ਦਵਾਈ ਦਾ ਪੱਤਾ ਦਿਖਾ ਕੇ ਇਕ ਦਿਨ ਦੀ ਦਵਾਈ ਖਰੀਦਣੀ ਪਈ। ਇਸੇ ਤਰ੍ਹਾਂ ਗੜ੍ਹਾ ਇਲਾਕੇ ਦੀ ਰਹਿਣ ਵਾਲੀ ਮਮਤਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦਾ ਬੁਖਾਰ ਦਾ ਇਲਾਜ ਆਮ ਆਦਮੀ ਕਲੀਨਿਕ ’ਚ ਚੱਲ ਰਿਹਾ ਸੀ। ਡਾਕਟਰ ਨੇ ਦੋ ਦਿਨ ਬਾਅਦ ਦੁਬਾਰਾ ਬੁਲਾਇਆ ਸੀ। ਮੰਗਲਵਾਰ ਨੂੰ ਜਦੋਂ ਉਹ ਕਲੀਨਿਕ ਪਹੁੰਚੀ ਤਾਂ ਹੜਤਾਲ ਕਾਰਨ ਨਿਰਾਸ਼ਾ ਹੱਥ ਲੱਗੀ। ਉਨ੍ਹਾਂ ਨੂੰ ਸਿਵਲ ਹਸਪਤਾਲ ਜਾਣਾ ਪਿਆ।
-------------------------
ਹੜਤਾਲ ਦਾ ਸਮਰਥਨ ਪਰ ਮਨੁੱਖਤਾ ਵੀ ਜ਼ਰੂਰੀ
ਹਾਲਾਂਕਿ ਜ਼ਿਲ੍ਹੇ ਦੇ ਸਾਰੇ ਕਲੀਨਿਕ ਬੰਦ ਨਹੀਂ ਹਨ। ਕਰੀਬ 30 ਆਮ ਆਦਮੀ ਕਲੀਨਿਕਾਂ ’ਚ ਡਾਕਟਰ ਤੇ ਸਟਾਫ ਮੌਜੂਦ ਰਹੇ ਤੇ ਉਨ੍ਹਾਂ ਨੇ ਮਰੀਜ਼ਾਂ ਦਾ ਇਲਾਜ ਕੀਤਾ। ਇਨ੍ਹਾਂ ਕਲੀਨਿਕਾਂ ’ਚ ਮੌਜੂਦ ਸਟਾਫ ਨੇ ਦੱਸਿਆ ਕਿ ਉਹ ਸਾਂਝਾ ਮੋਰਚਾ ਦੀ ਹੜਤਾਲ ਦਾ ਪੂਰਾ ਸਮਰਥਨ ਕਰਦੇ ਹਨ ਪਰ ਮਰੀਜ਼ਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਇਸ ਲਈ ਉਹ ਕਲੀਨਿਕ ਖੋਲ੍ਹ ਕੇ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਤੇ ਦਵਾਈਆਂ ਦੇ ਰਹੇ ਹਨ। ਹਾਲਾਂਕਿ ਵਿਰੋਧ ਵਜੋਂ ਉਹ ਮਰੀਜ਼ਾਂ ਦੀ ਐਂਟਰੀ ਟੈਬ ’ਚ ਕਰਨ ਦੀ ਬਜਾਏ ਰਜਿਸਟਰ ’ਚ ਦਰਜ ਕਰ ਰਹੇ ਹਨ।
-----------------------
ਇਨ੍ਹਾਂ ਸਰਕਾਰੀ ਹਸਪਤਾਲਾਂ ’ਚ ਪੁੱਜੇ ਮਰੀਜ਼
ਆਮ ਆਦਮੀ ਕਲੀਨਿਕ ਬੰਦ ਹੋਣ ਕਾਰਨ ਮਰੀਜ਼ਾਂ ਦਾ ਭਾਰ ਸਰਕਾਰੀ ਹਸਪਤਾਲਾਂ 'ਤੇ ਵੱਧ ਗਿਆ। ਸਭ ਤੋਂ ਵੱਧ ਮਰੀਜ਼ ਦਾਦਾ ਕਾਲੋਨੀ ਸਥਿਤ ਕਮਿਊਨਿਟੀ ਹੈਲਥ ਸੈਂਟਰ, ਸੋਢਲ ਇਲਾਕੇ ਦੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ, ਕੈਂਟ ਤੇ ਪੀਏਪੀ ਕੈਂਪਸ ਦੇ ਸੀਐੱਚਸੀ, ਜਮਸ਼ੇਰ ਦੇ ਪ੍ਰਾਇਮਰੀ ਹੈਲਥ ਸੈਂਟਰ, ਬਸਤੀ ਗੁਜਾਂ ਦੇ ਸੀਐੱਚਸੀ, ਕੈਂਟ ਦੇ ਖੁਸਰੋਪੁਰ ਸੀਐੱਚਸੀ, ਕਾਲਾ ਬਕਰਾ ਸੀਐੱਚਸੀ, ਕਰਤਾਰਪੁਰ ਕਮਿਊਨਿਟੀ ਹੈਲਥ ਸੈਂਟਰ, ਆਦਮਪੁਰ ਤੇ ਸ਼ਾਹਕੋਟ ਦੇ ਸੀਐੱਚਸੀ ਤੇ ਨਕੋਦਰ ਤੇ ਫਿਲੌਰ ਦੇ ਐੱਸਡੀਐੱਚ ’ਚ ਇਲਾਜ ਲਈ ਪਹੁੰਚੇ।