
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ ਵੱਲੋਂ ਜਲੰਧਰ ’ਚ ਮਹਿਲਾਵਾਂ ਦੀ ਸੁਰੱਖਿਆ ਦੀ ਸਮੀਖਿਆ

-ਮਹਿਲਾ ਸਸ਼ਕਤੀਕਰਨ ਪਹਿਲਕਦਮੀਆਂ ਦਾ ਲਿਆ ਜਾਇਜ਼ਾ
ਸ਼ੈਲੀ, ਪੰਜਾਬ ਜਾਗਰਣ, ਜਲੰਧਰ : ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਵਿਜਯਾ ਰਹਾਟਕਰ ਦੀ ਅਗਵਾਈ ਹੇਠ ਅੱਜ ਜਲੰਧਰ ਦਾ ਵਿਆਪਕ ਦੌਰਾ ਕੀਤਾ ਗਿਆ। ਚੇਅਰਪਰਸਨ ਵਿਜਯਾ ਰਹਾਟਕਰ ਨੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ’ਚ ਸਮਾਂ-ਬੱਧ ਕਾਰਵਾਈ, ਕੀਤੀ ਗਈ ਕਾਰਵਾਈ ਦੀਆਂ ਸਮੇਂ ਸਿਰ ਰਿਪੋਰਟਾਂ, ਸੰਸਥਾਗਤ ਜਵਾਬਦੇਹੀ ਤੇ ਔਰਤਾਂ ਨਾਲ ਸਬੰਧਤ ਕਾਨੂੰਨਾਂ ਤੇ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ। ਆਪਣੇ ਦੌਰੇ ਦੌਰਾਨ ਚੇਅਰਪਰਸਨ ਵਿਜਯਾ ਰਹਾਟਕਰ ਦੇ ਰੈੱਡ ਕ੍ਰਾਸ ਭਵਨ ਵਿਖੇ ਪੁੱਜੇ ਜਿਥੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਸਸ਼ਕਤ ਹੋਣ ਲਈ ਕਿਹਾ। ਏਡੀਸੀ ਦਿਵਿਆ ਪੀ ਨੇ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਰਹਾਟਕਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਔਰਤਾਂ ਨੂੰ ਵੀ ਨਸ਼ਿਆਂ ਖਿਲਾਫ ਡੱਟ ਕੇ ਲੜਨ ਦੀ ਲੋੜ ਹੈ। ਚੇਅਰਪਰਸਨ ਨੇ ਰੈੱਡ ਕਰਾਸ ਆਡੀਟੋਰੀਅਮ ਵਿਖੇ ਸਵੈ-ਸਹਾਇਤਾ ਸਮੂਹਾਂ ਦੀਆਂ ਲਗਭਗ 100 ਔਰਤਾਂ ਨਾਲ ਗੱਲਬਾਤ ਵੀ ਕੀਤੀ। ਇਸੇ ਤਰ੍ਹਾਂ ਪੀਓਐੱਸਐੱਚ ਐਕਟ, 2013 ਦੀ ਸਖ਼ਤੀ ਨਾਲ ਪਾਲਣਾ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਣੀ 'ਯਸ਼ੋਦਾ ਏਆਈ' ਪਹਿਲਕਦਮੀ ਜਲੰਧਰ ਲੈ ਕੇ ਆਇਆ, ਜਿਸ ਦਾ ਉਦੇਸ਼ ਡਿਜੀਟਲ ਸਸ਼ਕਤੀਕਰਨ ਤੇ ਉੱਭਰ ਰਹੀਆਂ ਤਕਨੀਕਾਂ ’ਚ ਔਰਤਾਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ ਸੀ। ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਨੌਜਵਾਨ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ’ਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸ਼ੀ ਸਰਵਜ਼ ਪ੍ਰੋਗਰਾਮ ਕਰਵਾਇਆ ਗਿਆ। ਕਰਨਲ ਰਸ਼ਮੀ ਨਾਰਾਇਣ ਤੇ ਲੈਫਟੀਨੈਂਟ ਸੋਨੀਆ ਮਹਿੰਦਰਾ ਨੇ ਸੈਨਾਵਾਂ ’ਚ ਭਰਤੀ ਹੋਣ ਦੇ ਮੌਕਿਆਂ ਬਾਰੇ ਲੈਕਚਰ ਦਿੱਤਾ।