
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਗੋਵਾਲ ਪਿੰਡ ’ਚ ਇਕ ਔਰਤ ਦੀ ਲਾਸ਼ ਕੁੱਤਿਆਂ ਨੇ ਨੋਚ ਨੋਚ ਖਾ ਲਈ

-ਮਹਿਤਪੁਰ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ, ਪਤੀ ਨਾਮਜ਼ਦ
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਸੰਗੋਵਾਲ (ਟਿੱਬਾ) ’ਚ ਇਕ ਔਰਤ ਦੀ ਲਾਸ਼ ਖੇਤਾਂ ਵਿੱਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਸੋਨੀ ਦੇਵੀ ਪੁੱਤਰੀ ਪੰਨਾ ਲਾਲ ਵਜੋਂ ਹੋਈ ਹੈ। ਮਹਿਤਪੁਰ ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕਾ ਦੇ ਪਤੀ ਮੁਨੀ ਉਰਫ਼ ਜੀ ਲਾਲ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਮ੍ਰਿਤਕਾ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਦੇ ਬਿਆਨਾਂ ’ਤੇ ਕੀਤੀ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਜੀ ਲਾਲ ਉਰਫ਼ ਮੁਨੀ ਸੋਨੀ ਨੂੰ ਚੰਡੀਗੜ੍ਹ ’ਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਉੱਥੇ ਸੋਨੀ ਕੰਮ ਕਰਕੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਸੀ। ਮੁਨੀ ਨੇ ਸੋਨੀ ਨੂੰ ਦੂਜੀ ਪਤਨੀ ਵਜੋਂ ਰੱਖਿਆ ਹੋਇਆ ਸੀ। ਦੋਵਾਂ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ ਅਤੇ ਮੁਨੀ ਸੋਨੀ ਦੀ ਕਮਾਈ ’ਤੇ ਵੀ ਹੱਕ ਜਤਾਉਂਦਾ ਸੀ। ਉਹ ਸੋਨੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਇਸ ਤੋਂ ਤੰਗ ਆ ਕੇ ਸੋਨੀ ਮਾਪਿਆਂ ਦੇ ਘਰ ਪਿੰਡ ਸੰਗੋਵਾਲ ਆ ਗਈ ਸੀ। ਪਰਿਵਾਰ ਅਨੁਸਾਰ ਕੁਝ ਦਿਨ ਪਹਿਲਾਂ ਮੁਨੀ ਸੰਗੋਵਾਲ ਆਇਆ ਤੇ ਸੋਨੀ ਨੂੰ ਮੁੜ ਚੰਡੀਗੜ੍ਹ ਲੈ ਜਾਣ ਲਈ ਦਬਾਅ ਪਾਉਣ ਲੱਗਾ। ਸੋਨੀ ਨੇ ਇਨਕਾਰ ਕਰ ਦਿੱਤਾ। ਮੌਕਾ ਮਿਲਣ ’ਤੇ ਮੁਨੀ ਰਾਤ ਸਮੇਂ ਸੋਨੀ ਨੂੰ ਨਾਲ ਲੈ ਗਿਆ ਤੇ ਆਪਣਾ ਫੋਨ ਬੰਦ ਕਰ ਦਿੱਤਾ। ਉਸ ਦਿਨ ਤੋਂ ਸੋਨੀ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਨੂੰ ਸੋਨੀ ਦੀ ਮੌਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਖੇਡਣ ਗਏ ਕੁਝ ਬੱਚਿਆਂ ਨੇ ਖੇਤਾਂ ’ਚ ਕੁੱਤਿਆਂ ਵੱਲੋਂ ਲਾਸ਼ ਨੂੰ ਨੋਚੇ ਜਾਣ ਬਾਰੇ ਦੱਸਿਆ। ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਕੱਪੜਿਆਂ ਤੋਂ ਪਛਾਣ ਕੀਤੀ। ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਜਨਕ ਰਾਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮੌਕੇ ਤੋਂ ਮਿਲੀਆਂ ਚੀਜ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਮੁਨੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਦਿਆਂ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।