ਵਟਸਐਪ ਕਾਲ ਕਰ ਕੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ
ਪੁੱਤ ਨੂੰ ਜਬਰ ਜਨਾਹ ਦੇ ਕੇਸ ’ਚੋਂ ਬਚਾਉਣ ਲਈ ਵਟਸਐਪ ਕਾਲ ਕਰਕੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ
Publish Date: Sat, 14 Feb 2026 06:51 PM (IST)
Updated Date: Sun, 15 Feb 2026 04:10 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਾਈਬਰ ਕ੍ਰਾਈਮ ਵੱਲੋਂ ਇਕ ਵਿਅਕਤੀ ਨੂੰ ਵਟਸਐਪ ਕਾਲ ਕਰ ਕੇ ਉਸ ਦੇ ਪੁੱਤ ਨੂੰ ਜਬਰ-ਜਨਾਹ ਦੇ ਕੇਸ ’ਚੋਂ ਬਚਾਉਣ ਦੇ ਬਦਲੇ ਉਸ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਮੁਲਜ਼ਮ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਵਨ ਕੁਮਾਰ ਵਾਸੀ ਥਰੀ ਸਟਾਰ ਕਾਲੋਨੀ ਨੇੜੇ ਲੰਮਾ ਪਿੰਡ ਚੌਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਵਟਸਐਪ ’ਤੇ ਇਕ ਕਾਲ ਆਈ ਜਿਸ ’ਚ ਕਾਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸਦੇ ਪੁੱਤ ਖਿਲਾਫ ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਵਾਲਾ ਹੈ ਜੇਕਰ ਉਸ ਨੂੰ ਇਸ ਮਾਮਲੇ ’ਚੋਂ ਬਚਾਣਾ ਹੈ ਤਾਂ ਉਸ ਦੀ ਸੇਵਾ ਪਾਣੀ ਕਰਨੀ ਪਵੇਗੀ। ਫੋਨ ਤੋਂ ਬਾਅਦ ਪਵਨ ਕੁਮਾਰ ਡਰ ਗਿਆ ਤੇ ਉਸਨੇ ਕਾਲ ਕਰਨ ਵਾਲੇ ਦੇ ਖਾਤੇ ’ਚ ਵੱਖ-ਵੱਖ ਸਮੇਂ ’ਤੇ ਇਕ ਲੱਖ 30 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਸਾਈਬਰ ਠੱਗੀ ਹੋ ਗਈ ਹੈ। ਪੁਲਿਸ ਵੱਲੋਂ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਧਾਰਾ 318 ਬੀਐੱਨਐੱਸ 66 ਡੀ ਇਨਫਾਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਟੈਕਨੀਕਲ ਢੰਗ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।