- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਹਾ-ਮੁੰਡਿਆਂ ਨੇ ਭਾਰਤੀ ਮਹਿਲਾ

ਕਿਹਾ-ਮੁੰਡਿਆਂ ਨੇ ਭਾਰਤੀ ਮਹਿਲਾ ਹਾਕੀ ਟੀਮ ਵਾਂਗ ਹੀ ਸ਼ਾਨਦਾਰ ਖੇਡ ਦਿਖਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਏਸ਼ੀਅਨ ਗੇਮਜ਼ 2026 ਦੇ ਪੁਰਸ਼ ਹਾਕੀ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਭਾਰਤ ਵੱਲੋਂ ਦਰਜ ਕੀਤੀ ਗਈ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਂਦਿਆਂ, ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਇੱਕ ਵਾਰ ਫਿਰ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕੋਹਲੀ ਨੇ ਕਿਹਾ ਕਿ 44 ਸਾਲਾਂ ਬਾਅਦ ਏਸ਼ੀਅਨ ਗੇਮਜ਼ ਵਿੱਚ ਸੋਨ ਤਗਮਾ ਜਿੱਤਣਾ ਭਾਰਤੀ ਹਾਕੀ ਲਈ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੰਡਿਆਂ ਨੇ ਭਾਰਤੀ ਮਹਿਲਾ ਟੀਮ ਵਾਂਗ ਹੀ ਸ਼ਾਨਦਾਰ ਖੇਡ ਦਿਖਾਈ ਅਤੇ ਦੇਸ਼ ਦਾ ਮਾਣ ਵਧਾਇਆ।
---
ਦੋਵੇਂ ਟੀਮਾਂ ਨੇ ਲਾਸ ਏਂਜਲਸ 2028 ਓਲੰਪਿਕ ਲਈ ਕੀਤਾ ਕੁਆਲੀਫਾਈ
ਕੋਹਲੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ 2028 ਵਿੱਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ, ਜਿਸ ਨਾਲ ਇਹ ਪ੍ਰਾਪਤੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਓਲੰਪਿਕ ਲਈ ਕੁਆਲੀਫਾਈ ਕਰਨਾ ਇੱਕ ਅਹਿਮ ਮੀਲ ਪੱਥਰ ਹੈ ਅਤੇ ਇਸ ਨਾਲ ਦੋਵੇਂ ਟੀਮਾਂ ਨੂੰ ਇਸ ਵਿਸ਼ਵ ਪੱਧਰੀ ਖੇਡ ਮੁਕਾਬਲੇ ਦੀ ਤਿਆਰੀ ਕਰਨ ਅਤੇ ਹੋਰ ਸਫਲਤਾਵਾਂ ਹਾਸਲ ਕਰਨ ਦਾ ਮੌਕਾ ਮਿਲੇਗਾ।
---
ਇਸ ਮਹੀਨੇ ਹੋਵੇਗੀ ਏਸ਼ੀਅਨ ਚੈਂਪੀਅਨਜ਼ ਟਰਾਫੀ
ਕੋਹਲੀ ਨੇ ਇਹ ਵੀ ਦੱਸਿਆ ਕਿ ਭਾਰਤ ਇਸ ਮਹੀਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਇਸ ਨੂੰ ਹਾਕੀ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ’ਚ ਇਸ ਖੇਡ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਹੋਰ ਮਹੱਤਵਪੂਰਨ ਮੌਕਾ ਦੱਸਿਆ। ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਨਾਲ ਖਿਡਾਰੀਆਂ ਨੂੰ ਪ੍ਰਤਿਭਾ ਦਿਖਾਉਣ ਲਈ ਮੰਚ ਮਿਲੇਗਾ।
---
ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
ਕੋਹਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਦੀ ਇਸ ਪ੍ਰਾਪਤੀ ਅਤੇ ਭਾਰਤੀ ਖੇਡਾਂ ਵਿੱਚ ਉਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਹਾਕੀ ਪੰਜਾਬ ਦੇ ਪ੍ਰਧਾਨ ਵਜੋਂ ਕੋਹਲੀ ਨੇ ਕਿਹਾ ਕਿ ਪੰਜਾਬ ਦਾ ਹਾਕੀ ਨਾਲ ਡੂੰਘਾ ਸਬੰਧ ਰਿਹਾ ਹੈ ਅਤੇ ਸੂਬੇ ਨੇ ਕਈ ਪੀੜ੍ਹੀਆਂ ਤੋਂ ਰਾਸ਼ਟਰੀ ਟੀਮ ਨੂੰ ਪ੍ਰਤਿਭਾਸ਼ਾਲੀ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਤਾਜ਼ਾ ਜਿੱਤ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਹਾਕੀ ਅਪਣਾਉਣ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰੇਗੀ।