- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਲਟਨ ਪਾਰਕ ’ਚ ਹਾਕੀ ਕੱਪ ਦੇ ਪ੍ਰਬੰਧਾਂ ਲਈ ਨਿਗਮ ਅਧਿਕਾਰੀ

-ਭਾਜਪਾ ਕੌਂਸਲਰਾਂ ਨੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ, ‘ਰੰਗਲਾ ਪੰਜਾਬ’ ਦੇ ਦਾਅਵਿਆਂ ’ਤੇ ਵੀ ਘੇਰੀ ਸਰਕਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਰਲਟਨ ਪਾਰਕ ਵਿਖੇ ਏਸ਼ੀਆ ਹਾਕੀ ਕੱਪ ਦੇ ਮੈਚਾਂ ਦੀਆਂ ਤਿਆਰੀਆਂ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਵੱਡੀ ਪੱਧਰ ’ਤੇ ਡਿਊਟੀ ਲਗਾਏ ਜਾਣ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਕੌਂਸਲਰਾਂ ਤੇ ਵਰਕਰਾਂ ਨੇ ਨਿਗਮ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਖੇਡ ਮੁਕਾਬਲਿਆਂ ਦੇ ਪ੍ਰਬੰਧ ਜ਼ਰੂਰੀ ਹਨ ਪਰ ਸ਼ਹਿਰ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਬਰਲਟਨ ਪਾਰਕ ’ਚ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਹੈ ਪਰ ਜੇ ਨਗਰ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਇਨ੍ਹਾਂ ਪ੍ਰਬੰਧਾਂ ’ਚ ਹੀ ਲੱਗੇ ਰਹਿਣਗੇ ਤਾਂ ਸ਼ਹਿਰ ਦੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਹੱਲ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਜਲੰਧਰ ਦੇ ਕਈ ਇਲਾਕਿਆਂ ’ਚ ਟੁੱਟੀਆਂ ਸੜਕਾਂ, ਸੀਵਰੇਜ, ਗੰਦਗੀ, ਪਾਣੀ ਦੀ ਨਿਕਾਸੀ ਤੇ ਖ਼ਰਾਬ ਸਟਰੀਟ ਲਾਈਟਾਂ ਵਰਗੀਆਂ ਸਮੱਸਿਆਵਾਂ ਕਾਰਨ ਲੋਕ ਪਰੇਸ਼ਾਨ ਹਨ। ਭਾਜਪਾ ਆਗੂ ਚਰਨਜੀਤ ਕੌਰ ਸੰਧਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਲੋਕਾਂ ਨੂੰ ਬੁਨਿਆਦੀ ਸਮੱਸਿਆਵਾਂ ਤੋਂ ਰਾਹਤ ਨਹੀਂ ਮਿਲ ਰਹੀ। ਭਾਜਪਾ ਕੌਂਸਲਰਾਂ ਨੇ ਦੋਸ਼ ਲਾਇਆ ਕਿ ਵਾਰਡਾਂ ’ਚ ਵਿਕਾਸ ਕਾਰਜ ਕਰਵਾਉਣ ਸਮੇਂ ‘ਆਪ’ ਵਰਕਰਾਂ ਜਾਂ ਮੰਤਰੀ ਵੱਲੋਂ ਕਥਿਤ ਤੌਰ ’ਤੇ ਰੁਕਾਵਟਾਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਵਾਰਡਾਂ ’ਚ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣ। ਇਸ ਮੌਕੇ ਭਾਜਪਾ ਕੌਂਸਲਰਾਂ ਸਰਤਾਜ ਸਿੰਘ, ਅਜੇ ਬੱਬਲ, ਅੰਮ੍ਰਿਤ ਸਿੰਘ ਸੰਧਾ, ਤਰਿੰਦਰ ਸੋਈ, ਰਾਜੀਵ ਢੀਂਗਰਾ, ਰਵੀ ਕੁਮਾਰ, ਰਿੰਪੀ ਪ੍ਰਭਾਕਰ, ਗੁਰਦੀਪ ਸਿੰਘ, ਮੀਨੂ ਧਾਂਡ ਤੇ ਸ਼ੋਭਾ ਮਿਨੀਆ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਅਮਿਤ ਢੱਲ ਨੇ ਕਿਹਾ ਕਿ ਵੱਡੇ ਸਮਾਗਮਾਂ ਦੇ ਪ੍ਰਬੰਧਾਂ ਦੇ ਨਾਲ-ਨਾਲ ਸ਼ਹਿਰ ਦੀਆਂ ਰੋਜ਼ਾਨਾ ਸਮੱਸਿਆਵਾਂ ਦਾ ਹੱਲ ਕਰਨਾ ਵੀ ਲਾਜ਼ਮੀ ਹੈ। ਭਾਜਪਾ ਆਗੂਆਂ ਨੇ ਮੇਅਰ ਤੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਾਰੇ ਵਾਰਡਾਂ ’ਚ ਬੁਨਿਆਦੀ ਸਹੂਲਤਾਂ ਦੀ ਸਮੀਖਿਆ ਕਰਕੇ ਪੈਂਡਿੰਗ ਕੰਮ ਜਲਦੀ ਪੂਰੇ ਕਰਵਾਏ ਜਾਣ।