- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕਿਸਾਨ ਔਰਤਾਂ ਲਈ ਵੀ

-ਕਿਸਾਨ ਔਰਤਾਂ ਲਈ ਵੀ ਨਹੀਂ ਕੀਤੇ ਗਏ ਵਾਧੂ ਪ੍ਰਬੰਧ
ਜਾਗਰਣ ਸੰਵਾਦਦਾਤਾ, ਜਲੰਧਰ
ਕਣਕ ਦੀ ਖਰੀਦ ਨੂੰ ਲੈ ਕੇ ਸ਼ਹਿਰ ਦੀਆਂ ਮੰਡੀਆਂ ਵਿਚ ਸਾਰੇ ਪ੍ਰਬੰਧਾਂ ਪੂਰੇ ਕਰਨ ਦੇ ਦਾਅਵੇ ਹਕੀਕਤ ਦੇ ਉਲਟ ਹਨ। ਫਸਲ ਦੀ ਖਰੀਦ-ਫਰੋਖਤ ਲਈ ਮੰਡੀਆਂ ’ਚ ਆਉਣ ਵਾਲੇ ਕਿਸਾਨਾਂ ਨੂੰ ਧੁੱਪ ਤੋਂ ਬਚਾਉਣ ਲਈ ਸ਼ੈੱਡ ਤਾਂ ਬਣਾਏ ਗਏ ਹਨ ਪਰ ਉਨ੍ਹਾਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਲਈ ਫਸਲ ਦੀ ਵਿਕਣ ਤੱਕ ਉਨ੍ਹਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਣਕ ਦੀਆਂ ਬੋਰੀਆਂ 'ਤੇ ਬੈਠ ਕੇ ਹੀ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ, ਜਿੱਥੇ ਔਰਤਾਂ ਖੇਤੀਬਾੜੀ ਖੇਤਰ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੀਆਂ ਹਨ, ਉਥੇ ਮੰਡੀਆਂ ’ਚ ਫਸਲ ਵੇਚਣ ਆਉਣ ਵਾਲੀਆਂ ਕਿਸਾਨ ਔਰਤਾਂ ਲਈ ਵੱਖਰੇ ਪ੍ਰਬੰਧ ਨਹੀਂ ਕੀਤੇ ਗਏ ਹਨ, ਜਿਸ ਦੀ ਮੰਗ ਕੀਤੀ ਜਾ ਰਹੀ ਹੈ।
ਦਰਅਸਲ, ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਦਾ ਕੰਮ ਪਹਿਲੀ ਅਪ੍ਰੈਲ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਇਕ ਤੋਂ ਬਾਅਦ ਦੋ ਅਪ੍ਰੈਲ ਨੂੰ ਵੀ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ। ਇਸ ਕਾਰਨ ਮੰਡੀਆਂ ’ਚ ਮਜ਼ਦੂਰ, ਕਿਸਾਨ, ਆੜ੍ਹਤੀ ਅਤੇ ਵੱਖ-ਵੱਖ ਵਿਭਾਗਾਂ ਦੇ ਨਿਰੀਖਕ ਬੇਰੰਗ ਵਾਪਸ ਪਰਤ ਗਏ। ਇਸ ਲਈ, ਸਰਕਾਰ ਵੱਲੋਂ ਖਰੀਦ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ’ਚ ਢੁੱਕਵੇਂ ਪ੍ਰਬੰਧਾਂ ਦੇ ਦਾਅਵੇ ਹਕੀਕਤ ਤੋਂ ਉਲਟ ਨਜ਼ਰ ਆ ਰਹੇ ਹਨ।
---
ਕਣਕ ਦੀਆਂ ਬੋਰੀਆਂ ’ਤੇ ਬੈਠ ਕੇ ਕਰਨਾ ਪਵੇਗਾ ਇੰਤਜ਼ਾਰ
ਸਰਕਾਰ ਵੱਲੋਂ ਮੰਡੀਆਂ ’ਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਖਰੀਦ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਦਕਿ, ਵਰਕਸ਼ਾਪ ਚੌਕ ਨੇੜੇ ਸਥਿਤ ਜ਼ਿਲ੍ਹੇ ਦੀ ਸਭ ਤੋਂ ਵੱਡੀ ਨਵੀਂ ਦਾਣਾ ਮੰਡੀ ’ਚ ਕਿਸਾਨਾਂ ਲਈ ਬੈਠਣ ਲਈ ਵੱਖਰੇ ਪ੍ਰਬੰਧ ਨਹੀਂ ਕੀਤੇ ਗਏ ਹਨ। ਹਾਲਾਂਕਿ ਧੁੱਪ ਤੋਂ ਬਚਾਉਣ ਲਈ ਸ਼ੈੱਡ ਬਣਾਈ ਗਈ ਹੈ ਪਰ ਉੱਥੇ ਪੱਖੇ ਤੇ ਕੂਲਰ ਦਾ ਇੰਤਜ਼ਾਮ ਨਹੀਂ ਕੀਤਾ ਗਿਆ। ਇਸ ਕਾਰਨ ਗਰਮੀ ’ਚ ਕਿਸਾਨਾਂ ਨੂੰ ਪਸੀਨੇ ਨਾਲ ਭਿੱਜ ਕੇ ਫਸਲ ਵੇਚਣੀ ਪਵੇਗੀ। ਇਸ ਤੋਂ ਇਲਾਵਾ, ਫਸਲ ਵੇਚਣ ’ਚ ਦੇਰੀ ਹੋਣ 'ਤੇ ਕਿਸਾਨਾਂ ਦੇ ਠਹਿਰਣ ਲਈ ਵੀ ਮੰਡੀ ’ਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸ ਕਾਰਨ ਦੂਰ-ਦੂਰਾਡੇ ਤੋਂ ਆਉਣ ਵਾਲੇ ਕਿਸਾਨਾਂ ਨੂੰ ਆਪਣੇ ਖਰਚੇ ’ਤੇ ਰੁਕਣਾ ਪਵੇਗਾ।
---
ਮਹਿਲਾ ਕਿਸਾਨਾਂ ਲਈ ਨਹੀਂ ਕੀਤਾ ਗਿਆ ਵੱਖਰਾ ਪ੍ਰਬੰਧ
ਖੇਤੀਬਾੜੀ ਖੇਤਰ ’ਚ ਔਰਤਾਂ ਦੀ ਵਧਦੀ ਭੂਮਿਕਾ ਵਿਚਾਲੇ ਕਣਕ ਵੇਚਣ ਲਈ ਕਿਸਾਨ ਔਰਤਾਂ ਵੀ ਮੰਡੀਆਂ ’ਚ ਪੁੱਜਦੀਆਂ ਹਨ ਪਰ ਉਨ੍ਹਾਂ ਲਈ ਮੰਡੀਆਂ ’ਚ ਵੱਖਰੇ ਪ੍ਰਬੰਧ ਨਹੀਂ ਕੀਤੇ ਗਏ ਹਨ। ਨਾ ਤਾਂ ਉਨ੍ਹਾਂ ਲਈ ਬੈਠਣ ਦੀ ਵੱਖਰੀ ਸਹੂਲਤ ਹੈ ਤੇ ਨਾ ਹੀ ਪਖਾਨਿਆਂ ਤੋਂ ਲੈ ਕੇ ਹੋਰ ਸਹੂਲਤਾਂ ਦੇਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ।
---
ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਵਿਆਪਕ ਪ੍ਰਬੰਧਾਂ ਦੀ ਲੋੜ
ਇਸ ਬਾਰੇ ਕਿਸਾਨ ਮੁਕੇਸ਼ ਚੰਦਰ ਨੇ ਕਿਹਾ ਕਿ ਮੰਡੀਆਂ ’ਚ ਫਸਲ ਦੀ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਬੋਰਡ ਤੇ ਮਾਰਕੀਟ ਕਮੇਟੀ ਨੂੰ ਸਾਰੇ ਪ੍ਰਬੰਧ ਯਕੀਨੀ ਬਣਾਉਣ ਚਾਹੀਦੇ ਹਨ। ਹਰ ਵਾਰੀ ਬਿਹਤਰ ਪ੍ਰਬੰਧਾਂ ਦਾ ਦਾਅਵਾ ਕਰਨ ਵਾਲੇ ਵਿਭਾਗਾਂ ਦੇ ਦਾਅਵੇ ਸਿਰਫ਼ ਰਸਮੀ ਹੀ ਸਾਬਤ ਹੁੰਦੇ ਹਨ।
---
ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ ਸਾਰੇ ਪ੍ਰਬੰਧ
ਇਸ ਬਾਰੇ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਦੱਸਿਆਂ ਕਿ ਮੰਡੀਆਂ ’ਚ ਫਸਲ ਦੀ ਆਮਦ ਤੇ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਮੀ ਵਾਲੀ ਕਣਕ ਨੂੰ ਸੁਕਾਉਣ ਤੇ ਕਿਸਾਨਾਂ ਦੀ ਸਹੂਲਤ ਲਈ ਮੰਡੀ ’ਚ ਸ਼ੈੱਡ ਦੇ ਹੇਠਾਂ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇਗਾ।