15 ਦਿਨਾਂ ’ਚ ਚੰਡੀਗੜ੍ਹੋਂ ਵੀ ਅਪਰੂਵ ਨਾ ਹੋਇਆ ਇਕ ਵੀ ਲਾਇਸੈਂਸ ਚੰਡੀਗੜ੍ਹ ਗਿਆ ਲਾਇਸੈਂਸ ਅਪਰੂਵਲ ਦਾ ਕੰਮ ਪਰ 15 ਦਿਨਾਂ ’ਚ ਇਕ ਨਾ ਹੋਇਆ
Publish Date: Tue, 08 Sep 2026 07:36 PM (IST)
Updated Date: Tue, 08 Sep 2026 07:37 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਕਾਗਜ਼ ਵਾਲੇ ਪੁਰਾਣੇ ਆਫਲਾਈਨ ਡਰਾਈਵਿੰਗ ਲਾਇਸੈਂਸਾਂ ਦੀ ਅਪਰੂਵਲ ਦਾ ਕੰਮ ਪਿਛਲੇ 15 ਦਿਨਾਂ ਤੋਂ ਜਲੰਧਰ ਤੋਂ ਹੈੱਡ ਆਫਿਸ ਚੰਡੀਗੜ੍ਹ ਤਬਦੀਲ ਹੋਣ ਤੋਂ ਬਾਅਦ ਇਕ ਤਰ੍ਹਾਂ ਨਾਲ ਠੱਪ ਪਿਆ ਹੈ ਕਿਉਂਕਿ ਉਦੋਂ ਤੋਂ ਅਜਿਹੇ ਇਕ ਵੀ ਲਾਇਸੈਂਸ ਦੀ ਅਪਰੂਵਲ ਨਹੀਂ ਹੋ ਸਕੀ ਹੈ। ਅਪਰੂਵਲ ਨਾ ਹੋਣ ਕਾਰਨ ਅਜਿਹੇ ਲਾਇਸੈਂਸਾਂ ਦੇ ਨਾਲ ਜੁੜੇ ਸੰਬੰਧਤ ਕੰਮਾਂ ’ਤੇ ਵੀ ਬ੍ਰੇਕ ਲੱਗ ਗਈ ਹੈ। ਪਹਿਲਾਂ ਇਹ ਅਪਰੂਵਲ ਜਲੰਧਰ ਵਿਖੇ ਆਰਟੀਏ ਪੱਧਰ ’ਤੇ ਹੀ ਹੋ ਜਾਂਦੀ ਸੀ ਪਰ ਹੁਣ ਕੰਮ ਚੰਡੀਗੜ੍ਹ ਭੇਜੇ ਜਾਣ ਤੋਂ ਬਾਅਦ ਇਕ ਵੀ ਲਾਇਸੈਂਸ ਅਪਰੂਵ ਨਹੀਂ ਹੋਇਆ। ਇਸ ਕਾਰਨ ਪੁਰਾਣੇ ਲਾਇਸੈਂਸਾਂ ਨੂੰ ਆਨਲਾਈਨ ਕਰਵਾਉਣ ਵਾਲੇ ਲੋਕਾਂ ਦੀਆਂ ਫਾਈਲਾਂ ਅਟਕੀਆਂ ਪਈਆਂ ਹਨ। ਜਾਣਕਾਰੀ ਮੁਤਾਬਕ ਕਾਗਜ਼ੀ ਲਾਇਸੈਂਸ ਨੂੰ ਆਨਲਾਈਨ ਕਰਨ ਲਈ ਲਾਇਸੈਂਸਧਾਰਕ ਆਰਟੀਏ ਦਫਤਰ ‘ਚ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹਨ। ਇਸ ਪ੍ਰਕਿਰਿਆ ਨੂੰ ਬੈਕਲਾਗ ਐਂਟਰੀ ਕਿਹਾ ਜਾਂਦਾ ਹੈ। ਦਸਤਾਵੇਜ਼ਾਂ ਦੀ ਐਂਟਰੀ ਤੋਂ ਬਾਅਦ ਲਾਇਸੈਂਸ ਸਿਸਟਮ ‘ਚ ਦਰਜ ਹੁੰਦਾ ਹੈ ਤੇ ਅਪਰੂਵਲ ਲਈ ਫਾਈਲ ਅੱਗੇ ਭੇਜੀ ਜਾਂਦੀ ਹੈ। -------------------------- ਅਗਲੇਰੇ ਕੰਮ ਵੀ ਬੰਦ ਪੁਰਾਣੇ ਲਾਇਸੈਂਸ ਦੀ ਅਪਰੂਵਲ ਨਾ ਹੋਣ ਕਾਰਨ ਲਾਇਸੈਂਸ ਧਾਰਕ ਉਸ ਨਾਲ ਸਬੰਧਤ ਅਗਲੇ ਕੰਮ ਨਹੀਂ ਕਰਵਾ ਸਕਦੇ। ਲਾਇਸੈਂਸ ਆਨਲਾਈਨ ਨਾ ਹੋਣ ਤੱਕ ਰਿਨਿਊਅਲ, ਡੁਪਲੀਕੇਟ, ਪਤਾ ਬਦਲਣ ਸਮੇਤ ਹੋਰ ਸੇਵਾਵਾਂ ਪ੍ਰਭਾਵਿਤ ਰਹਿੰਦੀਆਂ ਹਨ। ਇਸ ਕਾਰਨ ਅਪਰੂਵਲ ਦੀ ਦੇਰੀ ਸਿੱਧੇ ਤੌਰ ’ਤੇ ਲੋਕਾਂ ਲਈ ਮੁਸ਼ਕਲ ਬਣ ਰਹੀ ਹੈ। -------------------------- ਸਮਾਂ ਘਟਾਉਣ ਲਈ ਚੁੱਕਿਆ ਸੀ ਕਦਮ ਪੁਰਾਣੀ ਪ੍ਰਕਿਰਿਆ ਵੀ ਤੇਜ਼ ਨਹੀਂ ਸੀ। ਜਾਣਕਾਰੀ ਅਨੁਸਾਰ ਕਾਗਜ਼ੀ ਲਾਇਸੈਂਸ ਦੀ ਵੈਰੀਫਿਕੇਸ਼ਨ ਲਈ ਫਾਈਲ ਟਰੈਕ ’ਤੇ ਭੇਜੀ ਜਾਂਦੀ ਸੀ, ਜਿਸ ‘ਚ ਕਰੀਬ 20 ਤੋਂ 25 ਦਿਨ ਲੱਗਦੇ ਸਨ। ਇਸ ਤੋਂ ਬਾਅਦ ਹਸਤਾਖਰ, ਨੋਟਿੰਗ, ਸਕੈਨਿੰਗ ਤੇ ਅਪਰੂਵਲ ਦੀ ਪ੍ਰਕਿਰਿਆ ‘ਚ ਹੋਰ ਕਰੀਬ 20 ਦਿਨ ਲੱਗ ਜਾਂਦੇ ਸਨ। ਇਸ ਤਰ੍ਹਾਂ ਪੂਰੇ ਕੰਮ ’ਚ ਇਕ ਤੋਂ ਦੋ ਮਹੀਨੇ ਤੱਕ ਲੱਗ ਜਾਂਦੇ ਸਨ। ਪ੍ਰਸ਼ਾਸਨ ਨੇ ਇਸੇ ਦੇਰੀ ਨੂੰ ਘਟਾਉਣ ਲਈ ਅਪਰੂਵਲ ਦਾ ਕੰਮ ਚੰਡੀਗੜ੍ਹ ਤਬਦੀਲ ਕੀਤਾ। --------------------- ਟਰੈਕ ’ਤੇ ਹੋਣਾ ਚਾਹੀਦੈ ਸਾਰਾ ਕੰਮ ਜੇਕਰ ਟਰੈਕ ਰਾਹੀਂ ਵੈਰੀਫਿਕੇਸ਼ਨ ਤੇ ਹੋਰ ਪ੍ਰਕਿਰਿਆ ਹੋ ਸਕਦੀ ਹੈ ਤਾਂ ਅਪਰੂਵਲ ਲਈ ਫਾਈਲਾਂ ਨੂੰ ਚੰਡੀਗੜ੍ਹ ਭੇਜਣ ਦੀ ਲੋੜ ਤੇ ਇਸ ਨਾਲ ਪੈਦਾ ਹੋਈ ਦੇਰੀ ’ਤੇ ਵੀ ਸਵਾਲ ਬਣਦਾ ਹੈ। ਲਾਇਸੈਂਸ ਦੀ ਫਾਈਲ ਟਰੈਕ ਤੇ ਜਮ੍ਹਾਂ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਾਰਾ ਕੰਮ ਟਰੈਕ ‘ਤੇ ਹੋਣ ਤੋਂ ਬਾਅਦ ਫਾਈਲ ਆਰਟੀਏ ਦਫਤਰ ਭੇਜੀ ਜਾਂਦੀ ਹੈ। ਜੇਕਰ ਸਿੱਧਾ ਫਾਈਲ ਅਪਰੂਵਲ ਟਰੈਕ ਤੋਂ ਚੰਡੀਗਡ਼੍ਹ ਭੇਜੀ ਜਾਵੇ ਤਾਂ ਕਾਫੀ ਸਮਾਂ ਘੱਟ ਲੱਗੇਗਾ। ਜਦਕਿ ਆਰਟੀਏ ਦਫਤਰ ‘ਚ ਆਰਸੀ ਨਾਲ ਸਬੰਧਤ ਕੰਮ ਹੀ ਹੁੰਦੇ ਹਨ। -------------------------