ਸ਼ਿਮਟ 'ਚ ਕਰਵਾਇਆ ਵੈਲਕੱਮ ਫਰੈਸ਼ਰਜ਼ 2026 ਸਬੰਧੀ ਸਮਾਗਮ ਸ਼ਿਮਟ 'ਚ ਕਰਵਾਇਆ ਵੈਲਕੱਮ ਫਰੈਸ਼ਰਜ਼ 2026 ਸਬੰਧੀ ਸਮਾਗਮ
Publish Date: Sun, 11 Oct 2026 07:04 PM (IST)
Updated Date: Mon, 12 Oct 2026 04:05 AM (IST)
-ਨਿਊ ਐਡਮਿਸ਼ਨਜ਼ ਦਾ ਉਤਸ਼ਾਹ ਤੇ ਗਰਮਜੋਸ਼ੀ ਨਾਲ ਕੀਤਾ ਸਵਾਗਤ; ਦਿਨੇਸ਼ ਨੂੰ ਮਿਸਟਰ ਫਰੈਸ਼ਰ ਤੇ ਸੰਜਨਾ ਕਲੇਰ ਨੂੰ ਮਿਸ ਫਰੈਸ਼ਰ ਦਾ ਮਿਲਿਆ ਟੈਗ ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੀ ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਵੈੱਲਕਮ ਫਰੈਸ਼ਰਜ਼-2026 ਸਮਾਗਮ ਕਾਲਜ ਕੈਂਪਸ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਜਿਸਦਾ ਥੀਮ ‘ਵ੍ਹੇਅਰ, ਡਰੀਮਜ਼ ਮੀਟ ਨਿਊ ਬਿਗਨਿੰਗਜ਼’ ਸੀ। ਸ਼ਿਮਟ ਦੇ ਪ੍ਰਿੰਸੀਪਲ ਪ੍ਰੋ. (ਡਾ.) ਪਲਵਿੰਦਰ ਕੁਮਾਰ ਦੀ ਅਗਵਾਈ ਹੇਠ ਸਮਾਗਮ ਦੌਰਾਨ ਨਵੇਂ ਵਿਦਿਆਰਥੀਆਂ ਦਾ ਕਾਲਜ ਸਟਾਫ ਤੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਸਮਾਗਮ ਦਾ ਉਦੇਸ਼ ਕਾਲਜ ਦਾ ਹਿੱਸਾ ਬਣੇ ਨਵੇਂ ਵਿਦਿਆਰਥੀਆਂ ਨੂੰ ਕੈਂਪਸ ਦੇ ਮਾਹੌਲ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੀ ਨਵੀਂ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਉਤਸ਼ਾਹ ਨਾਲ ਕਰ ਸਕਣ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਮਾਡਲਿੰਗ, ਗਾਇਕੀ ਤੇ ਡਾਂਸ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਮਨੋਰੰਜਕ ਤੇ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਰਚਨਾਤਮਕਤਾ ਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਓਪਨ ਡੀਜੇ ਸੈਸ਼ਨ ਨੇ ਸਮਾਗਮ ਦੀ ਰੌਣਕ ਹੋਰ ਵਧਾ ਦਿੱਤੀ ਤੇ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲੈਂਦਿਆਂ ਖੂਬ ਆਨੰਦ ਮਾਣਿਆ। ਫਰੈਸ਼ਰਜ਼ ਪਾਰਟੀ ਦੀ ਖਿੱਚ ਦਾ ਮੁੱਖ ਕੇਂਦਰ ਵੱਖ-ਵੱਖ ਫਰੈਸ਼ਰਜ਼ ਟਾਈਟਲਾਂ ਲਈ ਹੋਈ ਚੋਣ ਰਹੀ। ਇਸ ਦੌਰਾਨ ਬੀਸੀਏ ਪਹਿਲੇ ਸਮੈਸਟਰ ਦੇ ਦਿਨੇਸ਼ ਨੂੰ ‘ਮਿਸਟਰ ਫਰੈਸ਼ਰ’, ਬੀ-ਕਾਮ ਪਹਿਲੇ ਸਮੈਸਟਰ ਦੀ ਸੰਜਨਾ ਕਲੇਰ ਨੂੰ ‘ਮਿਸ ਫਰੈਸ਼ਰ’, ਬੀਬੀਏ ਪਹਿਲੇ ਸਮੈਸਟਰ ਦੇ ਗੁਰਵੀਰ ਸਿੰਘ ਦੋਸਾਂਝ ਨੂੰ ‘ਮਿਸਟਰ ਹੈਂਡਸਮ’ ਤੇ ਬੀਬੀਏ ਪਹਿਲੇ ਸਮੈਸਟਰ ਦੀ ਮਹਿਕਪ੍ਰੀਤ ਕੌਰ ਨੂੰ ‘ਮਿਸ ਐਲੀਗੈਂਟ’ ਦੇ ਟਾਈਟਲ ਨਾਲ ਨਵਾਜਿਆ ਗਿਆ। ਮੰਚ ਦਾ ਪ੍ਰਭਾਵਸ਼ਾਲੀ ਸੰਚਾਲਨ ਪੱਲਵੀ, ਪ੍ਰਿਆ ਧੀਰ ਤੇ ਪ੍ਰਿਆ ਸੇਠੀ ਵੱਲੋਂ ਕੀਤਾ ਗਿਆ। ਜਿਸ ਨੂੰ ਸਫਲ ਬਣਾਉਣ ’ਚ ਸੰਸਥਾ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਰਗਰਮ ਸਹਿਯੋਗ ਦਿੱਤਾ। ਅਖੀਰ ’ਚ ਪ੍ਰਿੰਸੀਪਲ ਪ੍ਰੋ. (ਡਾ.) ਪਲਵਿੰਦਰ ਕੁਮਾਰ ਨੇ ਫਰੈਸ਼ਰਜ਼ ਟਾਈਟਲ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਕੋਆਰਡੀਨੇਟਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਸਹਿ-ਪਾਠਕ੍ਰਮ ਤੇ ਹੋਰ ਗਤੀਵਿਧੀਆਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਾਲਜ ਜੀਵਨ ਦੇ ਹਰ ਪਲ ਦਾ ਭਰਪੂਰ ਲਾਭ ਉਠਾਉਂਦੇ ਹੋਏ ਆਪਣੀ ਪ੍ਰਤਿਭਾ ਨੂੰ ਨਿਖਾਰਨਾ ਚਾਹੀਦਾ ਹੈ। ਇਹ ਸਮਾਗਮ ਖੁਸ਼ੀ, ਉਤਸ਼ਾਹ ਤੇ ਮਨੋਰੰਜਨ ਭਰੇ ਮਾਹੌਲ ’ਚ ਸਮਾਪਤ ਹੋਇਆ। ਜਿਸ ਨੇ ਨਵੇਂ ਵਿਦਿਆਰਥੀਆਂ ਲਈ ਯਾਦਗਾਰ ਪਲ ਸਿਰਜੇ ਤੇ ਸ਼ਿਮਟ ’ਚ ਉਨ੍ਹਾਂ ਦੇ ਨਵੇਂ ਅਕਾਦਮਿਕ ਤੇ ਸਮਾਜਿਕ ਸਫ਼ਰ ਦੀ ਰੰਗੀਨ ਸ਼ੁਰੂਆਤ ਕੀਤੀ।