- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਲਿਆਂਦੀ ਅਖੰਡ ਜੋਤ ਦਾ ਸ਼ਾਹਕੋਟ ਵਿਖੇ ਨਿੱਘਾ ਸਵਾਗਤ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਤੋਂ ਲਿਆਂਦੀ ਗਈ ਪਾਵਨ ਅਖੰਡ ਜੋਤ ਦੇ ਦਰਸ਼ਨਾਂ ਲਈ ਸ਼ਾਹਕੋਟ ’ਚ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਧਰਮ ਪ੍ਰਚਾਰਕ ਵੀਰ ਜਸਵੰਤ ਪੁਰਸ਼ਾਰਥੀ, ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਤੇ ਕੌਮੀ ਗਾਇਕ ਸੰਦੀਪ ਪਾਰਸ ਦੀ ਅਗਵਾਈ ਹੇਠ ਇਹ ਪਾਵਨ ਜੋਤ ਸ਼ਾਹਕੋਟ ਦੇ ਬੱਸ ਅੱਡੇ ਪਹੁੰਚੀ, ਜਿੱਥੇ ਜੈਕਾਰਿਆਂ ਦੀ ਗੂੰਜ ’ਚ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਪਾਵਨ ਜੋਤ ਵਾਲੀ ਵਿਸ਼ੇਸ਼ ਗੱਡੀ ਨੂੰ ਫੁੱਲਾਂ ਦੇ ਹਾਰਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਸ਼ਰਧਾਲੂਆਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦੇ ਸ਼ਬਦ-ਕੀਰਤਨ ਗਾਇਨ ਕਰਦਿਆਂ ਨਗਰ ਪਰਿਕਰਮਾ ਆਰੰਭ ਕੀਤੀ। ਇਹ ਪਾਵਨ ਯਾਤਰਾ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਮੁਹੱਲਾ ਬਾਗ ਵਾਲਾ, ਭਗਵਾਨ ਵਾਲਮੀਕਿ ਚੌਕ, ਪੁਲਿਸ ਸਟੇਸ਼ਨ ਤੇ ਦਾਣਾ ਮੰਡੀ ਤੋਂ ਹੁੰਦੀ ਹੋਈ ਰਿਸ਼ੀ ਨਗਰ ਰਾਹੀਂ ਢੰਡੋਵਾਲ ਪੁੱਜ ਕੇ ਸੰਪੰਨ ਹੋਈ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਪਾਵਨ ਜੋਤ ਦੇ ਦਰਸ਼ਨ ਕੀਤੇ ਗਏ ਅਤੇ ਨਿੱਘਾ ਸਵਾਗਤ ਕੀਤਾ ਗਿਆ। ਪਰਿਕਰਮਾ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਥਾਂ-ਥਾਂ ’ਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਕਮੇਟੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸ਼ਿੰਦਰਪਾਲ ਤੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਬੱਸ ਅੱਡੇ ’ਤੇ ਦੁੱਧ, ਬਿਸਕੁਟ ਤੇ ਛਬੀਲ ਲਾਈ ਗਈ। ਇਸੇ ਤਰ੍ਹਾਂ ਮੁਹੱਲਾ ਬਾਗ ਵਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਪਾਣੀ ਦਾ ਲੰਗਰ ਲਾਇਆ ਗਿਆ। ਰਿਸ਼ੀ ਨਗਰ ਮੁਹੱਲੇ ਦੇ ਨਿਵਾਸੀਆਂ ਵੱਲੋਂ ਵੀ ਪਾਵਨ ਜੋਤ ਦਾ ਨਿੱਘਾ ਸਵਾਗਤ ਕਰਦਿਆਂ ਆਏ ਹੋਏ ਪਤਵੰਤਿਆਂ ਦਾ ਮਾਨ-ਸਨਮਾਨ ਕੀਤਾ ਗਿਆ। ਇਸ ਮੌਕੇ ਵੀਰ ਕੁਲਵੰਤ ਸਿੰਘ ਢੰਡੋਵਾਲ ਤੇ ਵੀਰ ਜਸਵੰਤ ਪੁਰਸ਼ਾਰਥੀ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਬੂਟਾ ਸਿੰਘ ਕਲਸੀ ਐੱਮਸੀ, ਦਲਬੀਰ ਸੱਭਰਵਾਲ ਮਲਸੀਆਂ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ, ਕਪਿਲ ਚੋਪੜਾ ਮੁੱਖ ਸਲਾਹਕਾਰ ਅੰਬੇਡਕਰ ਆਰਮੀ, ਚਰਨਜੀਤ ਸਲੈਚਾਂ ਤਹਿਸੀਲ ਪ੍ਰਧਾਨ, ਵਿਲੀਅਮ ਜੋਨ, ਰਾਜੂ ਐਮਸੀ, ਲਖਵਿੰਦਰ ਘੱਕੂ, ਦਿਆਲਾ ਗਿੱਲ ਪ੍ਰਧਾਨ, ਮਨੀ ਭਾਰਦਵਾਜ, ਅਭੀ ਲੰਕੇਸ਼ ਕਪੂਰਥਲਾ, ਲਖਵਿੰਦਰ ਦੌਧਰ ਢੰਡੋਵਾਲ, ਸੁੱਖਾ ਤਲਵੰਡੀ, ਮੰਗਾ ਨਾਹਰ ਢੇਰੀਆਂ, ਗੋਪੀ ਕਾਕੜਾ, ਮਨਿੰਦਰ ਦੌਧਰ, ਜਰਨੈਲ ਸਿੰਘ ਆਦਿ ਹਾਜ਼ਰ ਸਨ।