ਫਰਜ਼ ਸਮਝ ਕੇ ਕਰਨੀ ਚਾਹੀਦੀ ਬੂਟਿਆਂ ਦੀ ਸੰਭਾਲ : ਬੱਗਾ ਫਰਜ਼ ਸਮਝ ਕੇ ਬੂਟਿਆਂ ਦੀ ਕਰਨੀ ਚਾਹੀਦੀ ਸਾਂਭ-ਸੰਭਾਲ : ਬੀਡੀਪੀਓ ਬੱਗਾ
Publish Date: Mon, 24 Aug 2026 08:23 PM (IST)
Updated Date: Mon, 24 Aug 2026 08:24 PM (IST)
ਵਾਤਾਵਰਨ ਬਚਾਉਣ ਲਈ ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਸ਼ਲਾਘਾਯੋਗ ਉਪਰਾਲਾ : ਰਿਹਾਨ, ਬੱਲਾ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਲਗਾਏ ਵੱਖ-ਵੱਖ ਛਾਂਦਾਰ ਤੇ ਫਲਦਾਰ ਬੂਟੇ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਾਤਾਵਰਨ ਦੀ ਸੰਭਾਲ ਲਈ ਸ਼ੁਰੂ ਕੀਤੀ ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਤਹਿਤ ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਬੱਚਿਆਂ ਨੂੰ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ, ਜਿਨ੍ਹਾਂ ਨੂੰ ਕਾਲਜ ਦੇ ਪਾਰਕ ਵਿਚ ਲਗਾਇਆ ਗਿਆ। ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਦੇ ਸਹਿਯੋਗ ਸਦਕਾ ਚਲਾਈ ਜਾ ਰਹੀ ਇਸ ਮੁਹਿੰਮ ਸਬੰਧੀ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਜਗਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਵਿਚ ਬੀਡੀਪੀਓ ਬਲਜੀਤ ਸਿੰਘ ਬੱਗਾ ਨੇ ਮੁੱਖ ਮਹਿਮਾਨ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ, ਪ੍ਰੈੱਸ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਤੇ ਗੌਤਮ ਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆਂ ਨੂੰ ਕੇਵਲ ਬੂਟੇ ਲਗਾਉਣ ਲਈ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੰਬੋਧਨ ਕਰਦਿਆਂ ਬੀਡੀਪੀਓ ਬਲਜੀਤ ਸਿੰਘ ਬੱਗਾ ਨੇ ਕਿਹਾ ਕਿ ‘ਹਰਿਆਵਲ ਲਹਿਰ’ ਸਿਰਫ ਇੱਕ ਰੁੱਖ ਲਗਾਉਣ ਦੀ ਮੁਹਿੰਮ ਨਹੀਂ, ਬਲਕਿ ਇਹ ਇਕ ਜਾਗਰੂਕਤਾ ਅਭਿਆਨ ਹੈ ਜੋ ਹਰ ਨਾਗਰਿਕ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। ਜਦੋਂ ਅਸੀਂ ਬੂਟੇ ਲਗਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਰੁੱਖ ਨਹੀਂ, ਬਲਕਿ ਇੱਕ ਸੁੱਚੀ ਹਵਾ, ਸੁਹਾਵਣਾ ਮਾਹੌਲ, ਸਾਫ ਪਾਣੀ ਅਤੇ ਜੀਵ ਜੰਤੂਆਂ ਲਈ ਆਸਰਾ ਬਣਾ ਰਹੇ ਹੁੰਦੇ ਹਾਂ। ਸਾਨੂੰ ਆਪਣਾ ਫਰਜ਼ ਸਮਝਦੇ ਹੋਏ ਬੂਟੇ ਲਾ ਕੇ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਵਾਧੂ ਤਾਪਮਾਨ, ਪ੍ਰਦੂਸ਼ਣ, ਜਲ ਸੰਕਟ ਤੇ ਹੋਰ ਕਈ ਕੁਦਰਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਤੇ ਹਰਿਆਵਲ ਵਧਾਉਣਾ ਸਾਡੀ ਸਾਰਿਆਂ ਦੀ ਸਾਂਝੀ ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਹੈ। ਰੁੱਖ ਸਿਰਫ਼ ਕੁਦਰਤ ਦਾ ਸ਼ਿੰਗਾਰ ਹੀ ਨਹੀਂ, ਸਗੋਂ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ, ਜੋ ਸਾਨੂੰ ਸਾਫ਼ ਹਵਾ, ਜੀਵਨਦਾਇਕ ਆਕਸੀਜਨ ਅਤੇ ਸੰਤੁਲਿਤ ਵਾਤਾਵਰਣ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਬੂਟੇ ਲਗਾ ਕੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ। ਸਾਬਕਾ ਐੱਮਸੀ ਤੇ ਮੁੱਖ ਬੁਲਾਰੇ ਜਤਿੰਦਰਪਾਲ ਬੱਲਾ ਨੇ ਕਿਹਾ ਕਿ ਪੰਜਾਬ ਵਿਚ ਵਣਾਂ ਦੀ ਗਿਣਤੀ ਘੱਟ ਰਹੀ ਹੈ ਤੇ ਜੇਕਰ ਅਸੀਂ ਹੁਣ ਵੀ ਸਾਵਧਾਨ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਹਵਾ ਤੇ ਪਾਣੀ ਮਿਲਣਾ ਮੁਸ਼ਕਲ ਹੋ ਜਾਵੇਗਾ। ਅੱਜ ਜਿੱਥੇ ਮਨੁੱਖ ਨੇ ਵਿਕਾਸ ਦੀ ਦੌੜ ਵਿਚ ਬੇਹਿਸਾਬ ਤਰੱਕੀ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਕੁਦਰਤ ਨਾਲ ਖੇਡ ਕੇ ਆਪਣਾ ਹੀ ਨੁਕਸਾਨ ਕੀਤਾ ਹੈ। ਉਦਯੋਗੀਕਰਨ, ਜੰਗਲਾਂ ਦੀ ਕੱਟਾਈ, ਪਲਾਸਟਿਕ ਦੀ ਵਰਤੋਂ ਆਦਿ ਨਾਲ ਵਾਤਾਵਰਨ ਨੂੰ ਖਰਾਬ ਕੀਤਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਹਰਿਆਵਲ ਲਹਿਰ’ ਵਰਗੀਆਂ ਮੁਹਿੰਮਾਂ ਅਜਿਹੇ ਸੰਕਟਾਂ ਵਿਚ ਰਾਹਤ ਵਾਂਗ ਸਾਬਤ ਹੋਣਗੀਆਂ। ਕਾਲਜ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਕਿਹਾ ਕਿ ਨੇ ਕਿਹਾ ਕਿ ਕਾਲਜ ਕੈਂਪਸ ਵਿਚ ਬੂਟੇ ਲਾਉਣਾ ਇਕ ਸ਼ਲਾਘਾਯੋਗ ਕਦਮ ਹੈ ਅਤੇ ਵਿਦਿਆਰਥੀਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਬੂਟਿਆਂ ਦੀ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਦੇਖਭਾਲ ਕਰਨਗੇ। ਉਨ੍ਹਾਂ ਪੰਜਾਬੀ ਜਾਗਰਣ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਕਾਲਜ ਪ੍ਰਸ਼ਾਸਨ ਅਤੇ ਵਿਦਿਆਰਥੀ ਵਾਤਾਵਰਣ ਦੀ ਸੰਭਾਲ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਰਹਿਣਗੇ। ਸਟੇਜ ਸੰਚਾਲਨ ਕਰਦਿਆਂ ਪ੍ਰੋ. ਕੁਲਵੰਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਮਾਗਮ ’ਚ ਪਹੁੰਚੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਨੰਦੜਾ, ਪ੍ਰੋ. ਅਵਿਨਾਸ਼ ਚੰਦਰ, ਪ੍ਰੋ. ਚੰਦਰ ਕਾਂਤਾ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਅਰਸ਼ਦੀਪ ਸਿੰਘ, ਪ੍ਰੋ. ਕਮਲਜੀਤ ਕੌਰ, ਪ੍ਰੋ. ਕੰਵਲਜੀਤ ਕੌਰ, ਸੁਪਰਡੈਂਟ ਚੰਦਰ ਕਮਲ, ਕਲਰਕ ਹਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।