- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤ ਦੌਰਾਨ ਕਿਸੇ ਐਸਟੀਪੀ ਦੀ ਮੋਟਰ ਖਰਾਬ ਹੋਣ ਦੀ ਗਲ ਨਹੀਂ ਸੁਣੀ ਜਾਏਗੀ,ਹੁਣ ਤੋਂ ਪੂਰੀ ਤਿਆਰੀ ਚਾਹੀਦੀ ਹੈ, ਬਿੱਟੂ

ਸੀਨੀਅਰ ਡਿਪਟੀ ਮੇਅਰ ਨਾਲ ਨਿਤਿਨ ਕੋਹਲੀ ਨੇ ਕੀਤਾ ਐੱਸਟੀਪੀਜ਼ ਦਾ ਮੁਆਇਨਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ :
ਨਗਰ ਨਿਗਮ ਨੇ ਮੀਂਹ ਦੌਰਾਨ ਸ਼ਹਿਰ ’ਚ ਪਾਣੀ ਦੀ ਨਿਕਾਸੀ ਲਈ ਬਕਾਇਦਾ ਪ੍ਰਬੰਧ ਕਰ ਲਏ ਹਨ ਅਤੇ ਇਸ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸਭਾਨਾ, ਆਮ ਆਦਮੀ ਪਾਰਟੀ ਦੇ ਕੇਂਦਰੀ ਵਿਧਾਨ ਸਭਾ ਹਲਕਾ ਦੇ ਇੰਚਾਰਜ ਨਿਤਿਨ ਕੋਹਲੀ, ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਐੱਸਈ ਸਤਿੰਦਰ ਮਹਾਜਨ ਐਕਸੀਅਨ ਰਣਬੀਰ ਸਿੰਘ ਨੇ ਸਾਂਝੇ ਤੌਰ ’ਤੇ ਸ਼ਹਿਰ ਦੇ ਚਾਰੋਂ ਐੱਸਟੀਪੀਜ਼ ਫੋਲੜੀਵਾਲ ਦਾ ਮੁਆਇਨਾ ਕੀਤਾ। ਇਹ ਐੱਸਟੀਪੀ ਸਭ ਤੋਂ ਵੱਡਾ 200 ਐੱਮਐੱਲਡੀ ਦਾ ਹੈ। ਜਦੋਂਕਿ ਬਾਕੀ ਤਿੰਨ ਜੈਤੋਵਾਲੀ 25 ਐੱਮਐੱਲਡੀ, ਬੰਬਿਆਂਵਾਲ 10 ਐੱਮਐੱਲਡੀ ਅਤੇ ਬਸਤੀ ਪੀਰਦਾਦ 65 ਐੱਮਐੱਲਡੀ ਦੇ ਛੋਟੇ ਐੱਸਟੀਪੀ ਹਨ। ਜ਼ਿਕਰਯੋਗ ਹੈ ਕਿ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਪਹਿਲੀ ਵਾਰ ਐੱਸਟੀਪੀ ਦੇਖਿਆ ਅਤੇ ਹੈਰਾਨ ਹੋਏ ਕਿ ਇਹ ਵੱਡਾ ਤਾਂ ਜ਼ਰੂਰ ਹੈ ਪਰ ਭਾਰੀ ਮਸ਼ੀਨਰੀ ਨਾਲ ਭਰਪੂਰ ਹੈ।
----------
ਮੀਂਹ ਦੌਰਾਨ ਮੋਟਰ ਖ਼ਰਾਬੀ ਦੀ ਗਲ ਨਹੀਂ ਸੁਣੀ ਜਾਏਗੀ
ਇਸ ਦੌਰਾਨ ਐੱਸਟੀਪੀ ਦੇ ਮੁਆਇਨੇ ਦੌਰਾਨ ਫੋਲੜੀਵਾਲ ਵਿਖੇ ਐਕਸੀਅਨ ਰਣਬੀਰ ਸਿੰਘ ਤੇ ਐੱਸਡੀਓ ਗਗਨ ਲੂਥਰਾ ਨੂੰ ਸੀਨੀਅਰ ਡਿਪਟੀ ਮੇਅਰ ਨੇ ਸਪਸ਼ਟ ਕੀਤਾ ਕਿ ਮੀਂਹ ਦੌਰਾਨ ਕਿਸੇ ਵੀ ਐੱਸਟੀਪੀ ਦੇ ਖ਼ਰਾਬ ਹੋਣ ਜਾਂ ਉਸ ਦੀ ਕੋਈ ਮੋਟਰ ਖ਼ਰਾਬ ਹੋਣ ਦੀ ਗਲ ਨਹੀਂ ਸੁਣੀ ਜਾਏਗੀ। ਇਸ ਲਈ ਹੁਣ ਹੀ ਦੱਸਿਆ ਜਾਏ ਕਿ ਜੇ ਕਿਤੇ ਵੀ ਮੋਟਰ ਜਾਂ ਪੰਪਿੰਗ ਸੈੱਟ ਦੀ ਲੋੜ ਹੈ ਤਾਂ ਹੁਣ ਹੀ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਹਰ ਐੱਸਟੀਪੀ ’ਤੇ ਇਕ ਸਟੈਂਡਬਾਈ ਮੋਟਰ ਤੇ ਪੰਪ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਕਾਰਨ ਕੋਈ ਮੋਟਰ ਜਾਂ ਪੰਪ ਖ਼ਰਾਬ ਹੰਦਾ ਹੈ ਤਾਂ ਉਸ ਨੂੰ ਹੰਗਾਮੀ ਹਾਲਤ ਦੌਰਾਨ ਤੁਰੰਤ ਬਦਲਿਆ ਜਾ ਸਕਦੇ ਅਤੇ ਐੱਸਟੀਪੀ ਨਿਰਵਿਘਨ ਕੰਮ ਕਰਦਾ ਰਹੇ। ਜ਼ਿਕਰਯੋਗ ਹੈ ਕਿ ਬੁੱਧ ਅਤੇ ਵੀਰਵਾਰ ਰਾਤ ਦੌਰਾਨ ਮਾਨਸੂਨ ਦੇ ਮੌਸਮ ਦੀ ਪਹਿਲੀ ਬਰਸਾਤ ਤਾਂ ਹੋਈ ਹੈ ਪਰ ਸ਼ਹਿਰ ’ਚ ਵਧੇਰੇ ਪਾਣੀ ਇਕੱਠਾ ਨਹੀਂ ਹੋਇਆ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਨਹੀਂ ਹੋਈ। ਇਸ ਤੋਂ ਪਹਿਲਾਂ ਨਗਰ ਨਿਗਮ ਨੇ ਰੋਡ, ਗਲੀਆਂ ਅਤੇ ਸੀਵਰੇਜ ਦੇ ਮੇਨ ਹੋਲਾਂ ਦੀ ਸਫਾਈ ਕਰਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿਉਂਕਿ ਗਲੀਆਂ ਸਾਫ ਹੋਣ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਅਸਾਨੀ ਨਾਲ ਹੁੰਦੀ ਹੈ ਅਤੇ ਕਿਸੇ ਵੀ ਸੜਕ ’ਤੇ ਬਰਸਾਤੀ ਪਾਣੀ ਖੜ੍ਹਾ ਨਹੀਂ ਹੁੰਦਾ।