ਵਾਰਡ-16 ਦੇ ਆਰੀਆ ਨਗਰ ’ਚ ਚਾਰ ਦਿਨ ਤੋਂ ਵਾਟਰ ਸਪਲਾਈ ਠੱਪ ਵਾਰਡ ਨੰਬਰ 16 ਦੇ ਆਰਿਆ ਨਗਰ ’ਚ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ
Publish Date: Fri, 11 Sep 2026 08:31 PM (IST)
Updated Date: Sat, 12 Sep 2026 04:08 AM (IST)
* ਲੋਕਾਂ ਨੂੰ ਦੂਜੇ ਮੁਹੱਲਿਆਂ ਤੋਂ ਪਾਣੀ ਲਿਆ ਕੇ ਕਰਨਾ ਪੈ ਰਿਹਾ ਗੁਜ਼ਾਰਾ * ਨਗਰ ਨਿਗਮ ਤੋਂ ਤੁਰੰਤ ਸਮੱਸਿਆ ਹੱਲ ਕਰਨ ਦੀ ਮੰਗ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ 16 ਅਧੀਨ ਆਉਂਦੇ ਗੜ੍ਹਾ ਦੇ ਆਰੀਆ ਨਗਰ ਮੁਹੱਲੇ ’ਚ ਪਿਛਲੇ ਚਾਰ ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਕਿੱਲਤ ਕਾਰਨ ਇਲਾਕਾ ਵਾਸੀਆਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਨੇੜਲੇ ਮੁਹੱਲਿਆਂ ਤੇ ਹੋਰ ਵਾਰਡਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਇਲਾਕਾ ਵਾਸੀ ਬੱਬੂ ਭਗਤ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਮੁਹੱਲੇ ’ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਇਲਾਕੇ ’ਚ ਲੱਗੀ ਪਾਣੀ ਦੀ ਮੋਟਰ ’ਚ ਕੋਈ ਖ਼ਰਾਬੀ ਆਈ ਹੋਈ ਹੈ, ਪਰ ਇਸ ਸਬੰਧੀ ਨਗਰ ਨਿਗਮ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਬੱਬੂ ਭਗਤ ਨੇ ਕਿਹਾ ਕਿ ਨਗਰ ਨਿਗਮ ਨੂੰ ਪਾਣੀ ਦੀ ਸਮੱਸਿਆ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਾਣੀ ਦੀ ਕਮੀ ਕਾਰਨ ਲੋਕਾਂ ਨੂੰ ਦੂਰ-ਦੁਰਾਡੇ ਮੁਹੱਲਿਆਂ ’ਚ ਜਾ ਕੇ ਪਾਣੀ ਭਰ ਕੇ ਲਿਆਉਣਾ ਪੈ ਰਿਹਾ ਹੈ, ਜਿਸ ਕਾਰਨ ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਉਣ ਵਾਲੇ ਆਗੂ ਹੁਣ ਸਮੱਸਿਆ ਸਮੇਂ ਨਜ਼ਰ ਨਹੀਂ ਆ ਰਹੇ। ਵਾਰਡ ਵਾਸੀਆਂ ਨੇ ਸਬੰਧਤ ਵਿਧਾਇਕ, ਹਲਕਾ ਇੰਚਾਰਜ, ਕੌਂਸਲਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਸਪਲਾਈ ’ਚ ਆਈ ਖ਼ਰਾਬੀ ਨੂੰ ਤੁਰੰਤ ਦੂਰ ਕਰ ਕੇ ਇਲਾਕੇ ’ਚ ਨਿਰਵਿਘਨ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਰੋਸ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।