- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਲਮੀਕਿ ਤੀਰਥ ਦੇ ਸਰੋਵਰ ’ਚ ਤਿੰਨ ਮਹੀਨਿਆਂ ਬਾਅਦ ਵੀ ਪਾਣੀ ਦਾ ਪੱਧਰ ਨਹੀਂ ਹੋਇਆ ਪੂਰਾ, ਸ਼ਰਧਾਲੂ ਨਿਰਾਸ਼ ਹੋ ਕੇ ਪਰਤ ਰਹੇ

-ਵਾਲਮੀਕਿ ਤੀਰਥ ਦੇ ਸਰੋਵਰ ’ਚ ਬਿਨਾਂ ਇਸ਼ਨਾਨ ਕੀਤੇ ਪਰਤ ਸ਼ਰਧਾਲੂ
-ਧੂਣਾ ਸਾਹਿਬ ਟਰੱਸਟ ਵੱਲੋਂ 23 ਨੂੰ ਮਨਾਇਆ ਜਾਵੇਗਾ ਵਿਜੇ ਦਿਵਸ ਮੇਲਾ
ਦਵਿੰਦਰ ਕੁਮਾਰ, ਪੰਜਾਬੀ ਜਾਗਰਣ, ਜਲੰਧਰ
ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਤੇ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਵਾਲਮੀਕਿ ਤੀਰਥ ਦੀ ਮੌਜੂਦਾ ਹਾਲਤ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰਾਈਨ ਬੋਰਡ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ ਤੇ ਸਮਾਜ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸੰਤ ਮਲਕੀਤ ਨਾਥ ਤੇ ਓਮ ਪ੍ਰਕਾਸ਼ ਗੱਬਰ ਨੇ ਦੱਸਿਆ ਕਿ 24 ਨਵੰਬਰ ਤੋਂ ਰਾਮਤੀਰਥ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਦਕਿ 23 ਨਵੰਬਰ ਨੂੰ ਭਗਵਾਨ ਵਾਲਮੀਕਿ ਧੂਣਾ ਸਾਹਿਬ ਟਰੱਸਟ ਵੱਲੋਂ ਵਿਜੇ ਦਿਵਸ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਮੱਛੀ ਨੂੰ ਨੱਥ ਪਹਿਨਾ ਕੇ ਸਰੋਵਰ ਵਿੱਚ ਵਿਸਰਜਿਤ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਸਰੋਵਰ ’ਚ ਪਾਣੀ ਦਾ ਪੱਧਰ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂ ਇਸ਼ਨਾਨ ਕੀਤੇ ਬਿਨਾਂ ਹੀ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ਼ਨਾਨ ਲਈ ਬਾਲਟੀਆਂ ਤੱਕ ਮੁਹੱਈਆ ਕਰਵਾਉਣ ’ਚ ਅਸਫਲ ਸਾਬਤ ਹੋ ਰਿਹਾ ਹੈ। ਸਰਕਾਰ ਵੱਲੋਂ ਵਾਲਮੀਕਿ ਤੀਰਥ ਦੇ ਵਿਕਾਸ ਕਾਰਜਾਂ ਲਈ 17 ਕਰੋੜ 75 ਲੱਖ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਠੇਕੇਦਾਰ ਵੱਲੋਂ ਅਦਾਇਗੀ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਏ ਜਾਣ ਕਾਰਨ ਕਈ ਵਿਕਾਸ ਕਾਰਜ ਅਜੇ ਵੀ ਪੈਡਿੰਗ ਹੋਏ ਹਨ। ਸਰੋਵਰ ਦੀ ਸਫ਼ਾਈ ਸਬੰਧੀ 3 ਕਰੋੜ 72 ਲੱਖ ਰੁਪਏ ਦਾ ਟੈਂਡਰ ਲਾਇਆ ਸੀ, ਜਦਕਿ ਧੂਣਾ ਸਾਹਿਬ ਟਰੱਸਟ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਖ਼ੁਦ ਸੇਵਾ ਦੀ ਜ਼ਿੰਮੇਵਾਰੀ ਚੁੱਕੀ ਸੀ। ਇਸ ਦੇ ਬਾਵਜੂਦ ਸਰਕਾਰ ਵੱਲੋਂ ਟੈਂਡਰ ਦੇ ਕੇ ਆਪਣੇ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
ਓਮ ਪ੍ਰਕਾਸ਼ ਗੱਬਰ ਨੇ ਸਿੱਧੇ ਤੌਰ ’ਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਵਾਲਮੀਕਿ ਸਮਾਜ ਪ੍ਰਤੀ ਸੋਚ ਵਿਰੋਧੀ ਹੈ, ਜਿਸ ਕਾਰਨ ਭਗਵਾਨ ਵਾਲਮੀਕਿ ਤੀਰਥ ਦੀ ਲਗਾਤਾਰ ਅਣਦੇਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤੇ ਵਾਲਮੀਕਿ ਸਮਾਜ ਚੋਣਾਂ ਦੌਰਾਨ ਇਸ ਅਣਦੇਖੀ ਦਾ ਮੂੰਹਤੋੜ ਜਵਾਬ ਦੇਵੇਗਾ। ਇਸ ਸਾਰੇ ਮਾਮਲੇ ਬਾਰੇ ਭਗਵਾਨ ਵਾਲਮੀਕਿ ਤੀਰਥ ਸਥਲ ਸ਼੍ਰਾਈਨ ਬੋਰਡ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੰਤ ਪ੍ਰਗਟ ਨਾਥ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ। ਇਹ ਮੇਰੇ ਗੁਰੂ ਭਾਈ ਹਨ ਸਾਰੇ ਕੰਮ ਇਨਾਂ ਕੋਲੋਂ ਪੁੱਛ ਕੇ ਕਰਦੇ ਹਾਂ ਪਰ ਫਿਰ ਵੀ ਪਤਾ ਨਹੀਂ ਕਿਉ ਨਰਾਜ਼ ਹਨ। ਉਹ ਤਾਂ ਆਪਣੀ ਗੱਡੀ ’ਚ ਹਰ ਰੋਜ਼ ਪੱਲਿਓਂ ਪੈਸੇ ਖਰਚ ਕਰਕੇ ਅੰਮ੍ਰਿਤਸਰ ਜਾਂਦਾ ਤੇ ਆਉਂਦਾ ਹਨ। ਇਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਨੀ ਇਹ ਬਹੁਤ ਸਤਿਕਾਰਯੋਗ ਹਨ। ਜੇਕਰ ਕਿਸੇ ਨੂੰ ਵੀ ਕੋਈ ਸ਼ੱਕ ਹੈ ਤਾਂ ਜਿਥੋਂ ਮਰਜ਼ੀ ਜਾਂਚ ਪੜਤਾਲ ਕਰਵਾ ਲੈਣ।