- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰ ਓਵਰਫਲੋਅ ਹੋਣ ਕਾਰਨ ਦੋ ਥਾਵਾਂ ਤੋਂ ਟੁੱਟੇ ਕਿਨਾਰੇ, ਕਪੂਰਥਲਾ ਚੌਕ-ਨਕੋਦਰ-ਮੋਗਾ ਪੁਰਾਣੇ ਹਾਈਵੇਅ ਤੇ ਮੁਹੱਲਿਆਂ 'ਚ ਵੜਿਆ ਪਾਣੀ

-ਧਾਰਮਿਕ ਅਸਥਾਨ ਦੀ ਕੰਧ ਡਿੱਗੀ, ਜੇਸੀਬੀ ਤੇ ਮਿੱਟੀ ਦੀਆਂ ਬੋਰੀਆਂ ਨਾਲ ਰੋਕਿਆ ਵਹਾਅ, ਵਿਧਾਇਕ ਦੇ ਦਖ਼ਲ ਮਗਰੋਂ ਘਟਿਆ ਪਾਣੀ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ :
ਸ਼ਹਿਰ ’ਚੋਂ ਲੰਘਦੀ ਨਹਿਰ ਦਾ ਪਾਣੀ ਸ਼ੁੱਕਰਵਾਰ ਸਵੇਰੇ ਕਰੀਬ 7:00 ਵਜੇ ਇਕ ਵਾਰ ਫਿਰ ਓਵਰਫਲੋਅ ਹੋ ਕੇ ਮੁੱਖ ਕਪੂਰਥਲਾ ਚੌਕ-ਨਕੋਦਰ-ਮੋਗਾ ਪੁਰਾਣੇ ਹਾਈਵੇ, ਰਿਹਾਇਸ਼ੀ ਇਲਾਕਿਆਂ ਤੇ ਖੇਤਾਂ ’ਚ ਵੜ ਗਿਆ। ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਦੋ ਥਾਵਾਂ ਤੋਂ ਨਹਿਰ ਦੇ ਕਿਨਾਰੇ ਟੁੱਟ ਗਏ। ਪਾਣੀ ਰੁੱਝੇ ਰਹਿਣ ਵਾਲੇ ਇਸ ਪੁਰਾਣੇ ਹਾਈਵੇ ਤੋਂ ਵਗਦਾ ਹੋਇਆ ਮੁਹੱਲਾ ਕਮਾਲਪੁਰ ਤੇ ਬਗਿਆੜਪੁਰ ਦੇ ਨੀਵੇਂ ਇਲਾਕਿਆਂ ਦੀਆਂ ਗਲੀਆਂ ਤੇ ਘਰਾਂ ’ਚ ਵੀ ਵੜਨਾ ਸ਼ੁਰੂ ਹੋ ਗਿਆ। ਇਸ ਦੌਰਾਨ ਇਲਾਕੇ ’ਚ ਸਥਿਤ ਦੋ ਪ੍ਰਸਿੱਧ ਧਾਰਮਿਕ ਅਸਥਾਨਾਂ (ਡੇਰਿਆਂ) ਨੇੜੇ ਪਾਣੀ ਭਰ ਗਿਆ, ਜਿਸ ਕਾਰਨ ਇਕ ਧਾਰਮਿਕ ਅਸਥਾਨ ਦੀ ਕੰਧ ਡਿੱਗ ਗਈ।
ਸਥਾਨਕ ਨਿਵਾਸੀ ਮੋਹਨ ਲਾਲ ਨੇ ਦੱਸਿਆ ਕਿ ਸਵੇਰੇ ਨਹਿਰ ਦਾ ਪਾਣੀ ਗਲੀਆਂ ਤੇ ਘਰਾਂ ’ਚ ਵੜਨ 'ਤੇ ਉਨ੍ਹਾਂ ਤੁਰੰਤ ਨਗਰ ਕੌਂਸਲ ਪ੍ਰਧਾਨ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ਮੁੱਖ ਕਪੂਰਥਲਾ ਚੌਕ-ਨਕੋਦਰ-ਮੋਗਾ ਪੁਰਾਣਾ ਹਾਈਵੇ ਹੈ, ਜਿੱਥੇ ਹਰ ਸਮੇਂ ਭਾਰੀ ਟ੍ਰੈਫਿਕ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਸ਼ਹਿਰ ਦੇ ਨੀਵੇਂ ਮੁਹੱਲੇ ਵਸੇ ਹੋਏ ਹਨ। ਸਮਾਂ ਰਹਿੰਦੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਪਾਣੀ ਪੂਰੇ ਸ਼ਹਿਰ ’ਚ ਦਾਖ਼ਲ ਹੋ ਕੇ ਵੱਡਾ ਨੁਕਸਾਨ ਕਰ ਸਕਦਾ ਸੀ। ਇਲਾਕਾ ਨਿਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਪਹਿਲਾਂ ਤਾਂ ਸਿਰਫ਼ ਬਰਸਾਤ ਦੇ ਦਿਨਾਂ ’ਚ ਹੀ ਅਜਿਹੀ ਸਥਿਤੀ ਬਣਦੀ ਸੀ ਪਰ ਹੁਣ ਤਾਂ ਮਹਿਜ਼ ਦੋ ਮਹੀਨਿਆਂ ਬਾਅਦ ਮੁੜ ਉਹੀ ਹਾਲਾਤ ਬਣ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਕਣਕ ਦੀ ਬਿਜਾਈ ਕਾਰਨ ਅੱਗੇ ਪਾਣੀ ਦੀ ਖਪਤ ਘੱਟ ਹੈ, ਫਿਰ ਵੀ ਨਹਿਰੀ ਵਿਭਾਗ ਵੱਲੋਂ ਪੂਰਾ ਪਾਣੀ ਛੱਡਿਆ ਜਾ ਰਿਹਾ ਹੈ। ਰਾਤ ਵੇਲੇ ਪਾਣੀ ਛੱਡਣ ਕਾਰਨ ਜਾਨ-ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ, ਨਹਿਰੀ ਵਿਭਾਗ, ਐੱਸਡੀਐੱਮ ਤੇ ਹਲਕਾ ਵਿਧਾਇਕ ਤੋਂ ਜਲੰਧਰ ਚੌਕ ਬਾਈਪਾਸ ਤੋਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਤੱਕ ਨਹਿਰ ਦੇ ਕਿਨਾਰਿਆਂ ਨੂੰ ਉੱਚਾ ਤੇ ਪੱਕਾ ਕਰਕੇ ਸੁਰੱਖਿਆ ਕੰਧ ਬਣਾਉਣ ਦੀ ਮੰਗ ਕੀਤੀ ਹੈ। ਸੂਚਨਾ ਮਿਲਦੇ ਹੀ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ, ਸੈਨੇਟਰੀ ਇੰਸਪੈਕਟਰ ਤੇ ਸਟਾਫ਼ ਮੌਕੇ 'ਤੇ ਪੁੱਜੇ। ਟੀਮ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਟੁੱਟੇ ਕਿਨਾਰਿਆਂ ਤੇ ਨੀਵੇਂ ਇਲਾਕਿਆਂ ਵੱਲ ਮਿੱਟੀ ਲਗਵਾ ਕੇ ਤੇ ਮਿੱਟੀ ਦੀਆਂ ਬੋਰੀਆਂ ਰੱਖ ਕੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ। ਉੱਧਰ, ਹਲਕਾ ਵਿਧਾਇਕ ਵੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਰਹੇ, ਜਿਸ ਸਦਕਾ ਪਿੱਛੋਂ ਪਾਣੀ ਦਾ ਵਹਾਅ ਘਟਾਇਆ ਗਿਆ। ਪ੍ਰਧਾਨ ਪ੍ਰਦੀਪ ਸ਼ੇਰਪੁਰ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ, ਹਾਲਾਂਕਿ ਖੇਤਾਂ ’ਚ ਪਾਣੀ ਭਰਨ ਕਾਰਨ ਕਣਕ ਦੀ ਬਿਜਾਈ ਕਰੀਬ 15 ਤੋਂ 20 ਦਿਨ ਪੱਛੜ ਜਾਵੇਗੀ।