- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਠ ਪੂਜਾ ਤੋਂ ਇਕ ਦਿਨ ਪਹਿਲਾਂ ਵੀ ਨਿਹਰ ਵਿੱਚ ਨਹੀਂ ਪਹੁੰਚਿਆ ਪਾਣੀ, ਸਫ਼ਾਈ ਦਾ ਕੰਮ ਵੀ ਅਧੂਰਾ

-ਛੱਠ ਪੂਜਾ ਕਰਵਾਉਣ ਵਾਲੀਆਂ ਸੰਸਥਾਵਾਂ ਨੇ ਪਾਣੀ ਛੱਡਣ, ਸਫ਼ਾਈ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਕੀਤੀ ਮੰਗ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਆਸਥਾ ਦੇ ਮਹਾਪਰਵ ਛੱਠ ਪੂਜਾ 13 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪਵਿੱਤਰ ਤਿਉਹਾਰ ਦੌਰਾਨ ਸ਼ਰਧਾਲੂਆਂ ਵੱਲੋਂ ਪਾਣੀ ਵਿੱਚ ਖੜ੍ਹੇ ਹੋ ਕੇ ਸੂਰਜ ਦੇਵਤਾ ਨੂੰ ਅਰਘ ਦੇਣ ਦੀ ਮਹੱਤਵਪੂਰਨ ਰਸਮ ਨਿਭਾਈ ਜਾਂਦੀ ਹੈ ਪਰ ਪੂਜਾ ਵਿਚ ਸਿਰਫ਼ ਇਕ ਦਿਨ ਬਾਕੀ ਰਹਿਣ ਦੇ ਬਾਵਜੂਦ ਨਹਿਰਾਂ ’ਚ ਹਾਲੇ ਤੱਕ ਪਾਣੀ ਨਹੀਂ ਪੁੱਜਾ ਤੇ ਸਫ਼ਾਈ ਦਾ ਕੰਮ ਵੀ ਅਧੂਰਾ ਪਿਆ ਹੈ। ਹਾਲਾਂਕਿ ਛੱਠ ਪੂਜਾ ਕਰਵਾਉਣ ਵਾਲੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਕੋਲ ਲਗਾਤਾਰ ਮੰਗ ਉਠਾਈ ਜਾ ਰਹੀ ਹੈ। ਦੀਵਾਲੀ ਤੋਂ ਛੇ ਦਿਨ ਬਾਅਦ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਲੈ ਕੇ ਸ਼ਹਿਰ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸੰਸਥਾਵਾਂ ਵੱਲੋਂ ਨਿਹਰਾਂ ਦੇ ਕਿਨਾਰਿਆਂ 'ਤੇ ਛੱਠ ਘਾਟ ਤਿਆਰ ਕਰਨ ਦੇ ਨਾਲ-ਨਾਲ ਪਾਣੀ, ਸਫ਼ਾਈ, ਸੁਰੱਖਿਆ ਅਤੇ ਟ੍ਰੈਫਿਕ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਡੀਏਵੀ ਕਾਲਜ ਤੋਂ ਲੈ ਕੇ ਕਪੂਰਥਲਾ ਰੋਡ ਵੱਲੋਂ ਲੰਘਦੀ ਨਹਿਰ ਦੇ ਦੋਵੇਂ ਪਾਸੇ ਗੰਦਗੀ ਫੈਲੀ ਹੋਈ ਹੈ। ਅਜਿਹੇ ਹਾਲਾਤ ’ਚ ਪਾਣੀ ਛੱਡਣ ਤੋਂ ਬਾਅਦ ਵੀ ਸਾਫ਼-ਸਫ਼ਾਈ ਦੇ ਪ੍ਰਬੰਧਾਂ ਵਿਚਾਲੇ ਪੂਜਾ ਕਰਵਾਉਣਾ ਚੁਣੌਤੀਪੂਰਨ ਹੋਵੇਗਾ। ਮਿਥਾਂਚਲ ਏਕਤਾ ਸਭਾ ਦੇ ਪ੍ਰਧਾਨ ਸ਼ਿਵ ਸ਼ੰਕਰ ਕੁਸ਼ਵਾਹਾ, ਰਾਮ ਸੇਵਕ ਤੇ ਬਦਰੀ ਨਾਰਾਇਣ ਝਾਅ ਨੇ ਮੰਗ ਕੀਤੀ ਕਿ ਛੱਠ ਪੂਜਾ ਤੋਂ ਪਹਿਲਾਂ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਛੱਠ ਪੂਜਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਰਸਮਾਂ ਨਿਭਾਉਣ ਲਈ ਪਹੁੰਚਦੇ ਹਨ। ਇਸ ਲਈ ਸਾਰੇ ਘਾਟਾਂ 'ਤੇ ਸੁਰੱਖਿਆ ਅਤੇ ਟ੍ਰੈਫਿਕ ਦੇ ਵਿਆਪਕ ਪ੍ਰਬੰਧ ਹੋਣੇ ਚਾਹੀਦੇ ਹਨ। ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਨਾ ਛੱਡਣ ਅਤੇ ਸਫ਼ਾਈ ਨਾ ਹੋਣ ਸਬੰਧੀ ਕਈ ਪ੍ਰਬੰਧਕਾਂ ਦੇ ਉਨ੍ਹਾਂ ਨੂੰ ਫੋਨ ਆਏ ਹਨ। ਉਨ੍ਹਾਂ ਸਰਕਾਰ ਵੱਲੋਂ ਸਮੇਂ ਸਿਰ ਪ੍ਰਬੰਧ ਨਾ ਕੀਤੇ ਜਾਣ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮਾਮਲੇ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਨਗੇ।
---
ਜਲਦ ਮੁਕੰਮਲ ਕਰਵਾਈ ਜਾਵੇਗੀ ਸਫ਼ਾਈ : ਮੇਅਰ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਨਹਿਰ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਤੇ ਟੀਮਾਂ ਇਸ ਕੰਮ ’ਚ ਜੁਟੀਆਂ ਹੋਈਆਂ ਹਨ। ਜਲਦ ਹੀ ਸਫ਼ਾਈ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ। ਉੱਧਰ, ਨਹਿਰੀ ਵਿਭਾਗ ਦੇ ਐੱਸਡੀਓ ਪ੍ਰਿੰਸ ਨੇ ਦੱਸਿਆ ਕਿ ਵਿਭਾਗ ਵੱਲੋਂ ਛੱਠ ਪੂਜਾ ਲਈ ਨਹਿਰ ਵਿੱਚ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਾਣੀ ਆਦਮਪੁਰ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਉਮੀਦ ਜਤਾਈ ਕਿ ਵੀਰਵਾਰ ਰਾਤ ਜਾਂ ਸ਼ੁੱਕਰਵਾਰ ਸਵੇਰ ਤੱਕ ਜਲੰਧਰ ’ਚ ਵੀ ਪਾਣੀ ਪਹੁੰਚ ਜਾਵੇਗਾ।