- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰੇ ਦੀ ਦਿਵਾਰ ਨਾਲ ਕੁੜਾ ਸੁੱਟਣ ’ਤੇ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕੁੜਾ ਸੁੱਟਣ ’ਤੇ ਹੋਵੇਗੀ ਕਨੂੰਨੀ ਕਾਰਵਾਈ

ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਇਤਿਹਾਸਿਕ ਪਿੰਡ ਮੌ ਸਾਹਿਬ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਦੀ ਬਾਹਰੀ ਦੀਵਾਰ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਸ਼ਰੇਆਮ ਕੂੜਾ-ਕਰਕਟ ਸੁੱਟੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਕਾਰਨ ਜਿੱਥੇ ਆਸ-ਪਾਸ ਭਾਰੀ ਬਦਬੂ ਫੈਲ ਰਹੀ ਹੈ, ਉੱਥੇ ਹੀ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਤੇ ਧਾਰਮਿਕ ਪ੍ਰੇਮੀਆਂ ਦੇ ਮਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਬੈਠਕ ਹੋਈ। ਬੈਠਕ ਦੌਰਾਨ ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਆਖਿਆ ਕਿ ਇਤਿਹਾਸਿਕ ਧਾਰਮਿਕ ਸਥਾਨ ਦੀ ਪਵਿੱਤਰਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਮਨ ਸਿੰਘ, ਪਿੰਡ ਦੇ ਸਰਪੰਚ ਉਮਰਜੀਤ ਸਿੰਘ ਮੌ ਸਾਹਿਬ ਤੇ ਬਲਾਕ ਸੰਮਤੀ ਮੈਂਬਰ ਨਵਦੀਪ ਸਿੰਘ ਨੇ ਸਾਂਝੇ ਤੌਰ 'ਤੇ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆ ਦਾ ਅਗਲੇ 3 ਦਿਨਾਂ ਦੇ ਅੰਦਰ-ਅੰਦਰ ਮੁਕਮੰਲ ਹੱਲ ਕਰ ਦਿੱਤਾ ਜਾਵੇਗਾ। ਸਮੱਸਿਆ ਦਾ ਜਾਇਜ਼ਾ ਲੈਣ ਸਮੇਂ ਪਰਮਜੀਤ ਸਿੰਘ, ਰਵੀ ਭੌਰਾ, ਸਤਨਾਮ, ਪਵਨ ਕੁਮਾਰ, ਸੁੱਚਾ ਵਾਲੀਆਂ, ਜੀਵਨ ਰਾਵਾਂ ਤੇ ਸ਼ਨੀ ਕੁਮਾਰ ਜੱਖੂ ਆਦਿ ਸਥਾਨਕ ਆਗੂ ਵੀ ਮੌਜੂਦ ਸਨ। ਪ੍ਰਬੰਧਕਾਂ ਤੇ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਗੰਦਗੀ ਪਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 3 ਦਿਨਾਂ ਬਾਅਦ ਵੀ ਕਿਸੇ ਨੇ ਇੱਥੇ ਕੂੜਾ ਸੁੱਟਿਆ ਤਾਂ ਉਸ ਵਿਰੁੱਧ ਪੰਚਾਇਤੀ ਤੇ ਕਾਨੂੰਨੀ ਪੱਧਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।