- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਐੱਲ ਦੀ ਆਖ਼ਰੀ ਤਾਰੀਖ਼ ਦੀ ਉਡੀਕ ਪੈ ਸਕਦੀ ਹੈ ਭਾਰੀ

-ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲਈ ਵੀ ਪਹਿਲਾਂ ਕਰੋ ਅਪਲਾਈ
-ਆਖ਼ਰੀ ਦਿਨਾਂ ’ਚ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਆ ਸਕਦੀ ਹੈ ਦਿੱਕਤ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਦੀ ਲਾਪਰਵਾਹੀ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਲਰਨਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੀ ਉਡੀਕ ਕਰਕੇ ਆਖ਼ਰੀ 2-3 ਦਿਨਾਂ ’ਚ ਪੱਕੇ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਦਫ਼ਤਰ ਰੀਜਨਲ ਟਰਾਂਸਪੋਰਟ ਅਫ਼ਸਰ, ਜਲੰਧਰ ਵੱਲੋਂ ਜਾਣਕਾਰੀ ਸਾਂਝੀ ਕਰਕੇ ਬਿਨੈਕਾਰਾਂ ਨੂੰ ਸਮੇਂ ਸਿਰ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬਿਨੈਕਾਰ ਲਰਨਿੰਗ ਲਾਇਸੈਂਸ ਬਣਵਾਉਂਦਾ ਹੈ ਤਾਂ ਉਸ ਨੂੰ ਪੱਕੇ ਲਾਇਸੈਂਸ ਲਈ ਅਪਲਾਈ ਕਰਨ ਸਬੰਧੀ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਬਿਨੈਕਾਰਾਂ ਨੂੰ ਚਾਹੀਦਾ ਹੈ ਕਿ ਉਹ ਲਰਨਿੰਗ ਲਾਇਸੈਂਸ ਜਾਰੀ ਹੋਣ ਤੋਂ 30 ਦਿਨ ਬਾਅਦ ਆਪਣੇ ਪੱਕੇ ਲਾਇਸੈਂਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਲਰਨਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਇਹ ਕੰਮ ਪੂਰਾ ਕਰ ਲੈਣ।
---
ਮਿਆਦ ਖ਼ਤਮ ਹੋਣ ਦੀ ਉਡੀਕ ਨਾ ਕਰੋ
ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬਿਨੈਕਾਰ ਨਿਰਧਾਰਤ ਸਮੇਂ ’ਤੇ ਅਪਲਾਈ ਕਰਨ ਦੀ ਬਜਾਏ ਲਰਨਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੀ ਉਡੀਕ ਕਰਦੇ ਰਹਿੰਦੇ ਹਨ। ਜਦੋਂ ਸਿਰਫ਼ 2 ਜਾਂ 3 ਦਿਨ ਬਾਕੀ ਰਹਿ ਜਾਂਦੇ ਹਨ ਤਾਂ ਉਹ ਪੱਕੇ ਲਾਇਸੈਂਸ ਲਈ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਸਮੇਂ ਵਿੱਚ ਜੇ ਆਨਲਾਈਨ ਪੋਰਟਲ ’ਤੇ ਤਕਨੀਕੀ ਦਿੱਕਤ ਆ ਜਾਵੇ ਜਾਂ ਟੈਸਟ ਲਈ ਸਲਾਟ ਨਾ ਮਿਲੇ ਤਾਂ ਬਿਨੈਕਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਲਰਨਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦਾ ਇੰਤਜ਼ਾਰ ਨਾ ਕਰਨ ਅਤੇ ਨਿਰਧਾਰਤ ਸਮੇਂ ਅਨੁਸਾਰ ਪਹਿਲਾਂ ਹੀ ਅਪਲਾਈ ਕਰਨ, ਤਾਂ ਜੋ ਆਖ਼ਰੀ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।
---
ਸਮੇਂ ਤੋਂ ਪਹਿਲਾਂ ਕਰਨਾ ਚਾਹੀਦੈ ਅਪਲਾਈ
ਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਬਣਵਾਉਣ ਵਾਲੇ ਲੋਕਾਂ ਨੂੰ ਵੀ ਅਹਿਮ ਸਲਾਹ ਦਿੱਤੀ ਗਈ ਹੈ। ਜੇ ਕਿਸੇ ਵਿਅਕਤੀ ਨੇ ਵਿਦੇਸ਼ ਜਾਣਾ ਹੈ ਅਤੇ ਉਸ ਨੂੰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਦੀ ਲੋੜ ਹੈ ਤਾਂ ਉਹ ਯਾਤਰਾ ਤੋਂ ਸਿਰਫ਼ 1 ਜਾਂ 2 ਦਿਨ ਪਹਿਲਾਂ ਅਪਲਾਈ ਕਰਨ ਤੋਂ ਬਚੇ। ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਪਹਿਲਾਂ ਹੀ ਅਰਜ਼ੀ ਦੇਣ, ਤਾਂ ਜੋ ਯਾਤਰਾ ਤੋਂ ਪਹਿਲਾਂ ਉਨ੍ਹਾਂ ਨੂੰ ਪਰਮਿਟ ਮਿਲ ਸਕੇ।
---
ਤਕਨੀਕੀ ਦਿੱਕਤਾਂ ਤੋਂ ਹੋਵੇਗਾ ਬਚਾਅ
ਰੀਜਨਲ ਟਰਾਂਸਪੋਰਟ ਅਫ਼ਸਰ, ਜਲੰਧਰ ਵੱਲੋਂ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡਰਾਈਵਿੰਗ ਲਾਇਸੈਂਸ ਅਤੇ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਸਬੰਧੀ ਕੰਮ ਆਖ਼ਰੀ ਸਮੇਂ ’ਤੇ ਛੱਡਣ ਦੀ ਬਜਾਏ ਸਮੇਂ ਸਿਰ ਪੂਰਾ ਕਰਨ। ਇਸ ਨਾਲ ਨਾ ਸਿਰਫ਼ ਤਕਨੀਕੀ ਦਿੱਕਤਾਂ ਤੋਂ ਬਚਿਆ ਜਾ ਸਕੇਗਾ, ਸਗੋਂ ਬਿਨਾਂ ਵਜ੍ਹਾ ਹੋਣ ਵਾਲੀ ਖੱਜਲ-ਖੁਆਰੀ ਤੋਂ ਵੀ ਰਾਹਤ ਮਿਲੇਗੀ।