- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕਿਤ ਸ਼ਰਮਾ, ਜਾਗਰਣ

ਅੰਕਿਤ ਸ਼ਰਮਾ, ਜਾਗਰਣ
ਜਲੰਧਰ : ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਜਲੰਧਰ ਕੈਂਟ ਸਟੇਸ਼ਨ ਲਗਪਗ ਤਿਆਰ ਹੋ ਚੁੱਕਾ ਹੈ। ਇਸ ਦਾ ਉਦਘਾਟਨ 13 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰ ਸਕਦੇ ਹਨ। ਉਦਘਾਟਨ ਤੋਂ ਪਹਿਲਾਂ, ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਲਈ ਸ਼ੁੱਕਰਵਾਰ ਨੂੰ ਨਾਰਦਰਨ ਰੇਲਵੇ ਦੇ ਜੀਐੱਮ ਰਾਜੇਸ਼ ਕੁਮਾਰ ਪਾਂਡੇ ਪੁੱਜੇ। ਇਹ ਪੰਜਾਬ ਦਾ ਪਹਿਲਾ ਰੇਲਵੇ ਸਟੇਸ਼ਨ ਹੈ ਜੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਸਟੇਸ਼ਨ ਦੀਆਂ ਸਾਰੀਆਂ ਸਹੂਲਤਾਂ ਯਾਤਰੀਆਂ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਵੇਂ ਕਿ ਐਸਕਲੇਟਰ, ਲਿਫਟ, ਏਸੀ ਵੈਟਿੰਗ ਰੂਮ, ਡਿਜੀਟਲ ਲਾਕਰ, ਹਰ ਟੂਟੀ ’ਚੋਂ ਠੰਢਾ ਪਾਣੀ ਆਦਿ। ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਜੀਐੱਮ ਨੇ ਸਮਾਗਮ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਤੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ’ਚ ਟੈਂਟ ਲਾਉਣ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਆਉਣ ਦੇ ਰੂਟ, ਵੀਆਈਪੀ ਗੱਡੀਆਂ ਦੇ ਠਹਿਰਾਅ, ਲੋਕਾਂ ਦੇ ਬੈਠਣ ਦੀ ਥਾਂ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਕੀਤੇ ਜਾਣ ਵਾਲੇ ਕੰਮਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਇਸ ਲਈ ਉਨ੍ਹਾਂ ਨੇ ਸਟੇਸ਼ਨ ਦੇ ਅੰਦਰ ਹੀ ਨਹੀਂ, ਸਗੋਂ ਸਟੇਸ਼ਨ ਦੀ ਮੁੱਖ ਦਾਖਲਾ ਤੋਂ ਬਾਹਰ ਹਾਈਵੇ ਵੱਲ ਜਾਂਦੀ ਸੜਕ ਦੀ ਹਾਲਤ ਵੀ ਦੇਖੀ ਤਾਂ ਜੋ ਉਸ ਦੌਰਾਨ ਖਾਸ ਪ੍ਰਬੰਧ ਕੀਤੇ ਜਾ ਸਕਣ।
---
ਜੀਐੱਮ ਨੇ ਟੂਟੀਆਂ, ਐਸਕਲੇਟਰ ਤੋਂ ਲੈ ਕੇ ਲਾਕਰ ਤੱਕ ਦੇਖਿਆ
ਜੀਐੱਮ ਰਾਜੇਸ਼ ਕੁਮਾਰ ਪਾਂਡੇ ਅੰਮ੍ਰਿਤਸਰ ਤੋਂ ਲਗਪਗ ਸਵਾ ਇਕ ਵਜੇ ਜਲੰਧਰ ਕੈਂਟ ਸਟੇਸ਼ਨ 'ਤੇ ਆਪਣੀ ਵਿਸ਼ੇਸ਼ ਨਿਰੀਖਣ ਟ੍ਰੇਨ ਰਾਹੀਂ ਪੁੱਜੇ। ਉਹ ਕੈਂਟ ਸਟੇਸ਼ਨ ’ਤੇ ਲਗਪਗ ਢਾਈ ਘੰਟੇ ਰਹੇ। ਉਨ੍ਹਾਂ ਨੇ ਜਲੰਧਰ ਕੈਂਟ ਸਟੇਸ਼ਨ ਦੇ ਹਰ ਕੋਨੇ 'ਤੇ ਜਾ ਕੇ ਨਿਰੀਖਣ ਕੀਤਾ, ਜਿਸ ’ਚ ਵੈਟਿੰਗ ਏਰੀਆ, ਸਰਕੂਲੇਟਿੰਗ ਏਰੀਆ, ਏਅਰ ਕੰਡੀਸ਼ਨਰ, ਪਾਰਸਲ ਏਰੀਆ, ਪਲੇਟਫਾਰਮ, ਸਟੇਸ਼ਨ ਦੀ ਐਗਜ਼ਿਟ ਅਤੇ ਐਂਟਰੀ ਪੁਆਇੰਟ, ਪਿਕ ਤੇ ਡ੍ਰਾਪ ਸਹੂਲਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਲਿਫਟ ਤੇ ਐਸਕਲੇਟਰਾਂ ਦੀ ਹਾਲਤ ਦੀ ਵੀ ਜਾਂਚ ਕੀਤੀ ਅਤੇ ਯਾਤਰੀਆਂ ਦੀ ਸਹੂਲਤ ਲਈ ਲਾਈਆਂ ਗਈਆਂ ਟੂਟੀਆਂ ਦੀ ਹਾਲਤ ਵੀ ਵੇਖੀ ਕਿ ਕੀ ਉਨ੍ਹਾਂ ’ਚ ਪਾਣੀ ਗਰਮ ਆ ਰਿਹਾ ਹੈ ਜਾਂ ਠੰਢਾ। ਉਨ੍ਹਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ, ਜਦੋਂਕਿ ਉਨ੍ਹਾਂ ਨੇ ਡਿਜੀਟਲ ਲਾਕਰ ਵੀ ਖੋਲ੍ਹ ਕੇ ਵੇਖਿਆ।
---
ਆਧੁਨਿਕ ਯਾਤਰੀ ਸਹੂਲਤ ਨਾਲ ਲੈਸ ਹੈ ਸਟੇਸ਼ਨ
ਜੀਐੱਮ ਰਾਜੇਸ਼ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਭਾਰਤੀ ਰੇਲਵੇ ਦਾ ਮਿਸ਼ਨ ਹੈ, ਸਾਰੇ ਸਟੇਸ਼ਨਾਂ ਦਾ ਸੁੰਦਰੀਕਰਨ। ਇਸ ਤਹਿਤ ਸਟੇਸ਼ਨਾਂ ਨੂੰ ਆਧੁਨਿਕ, ਨਵਾਂ ਤੇ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਜਲੰਧਰ ਕੈਂਟ ਦਾ ਇਹ ਸਟੇਸ਼ਨ ਗੁਣਵੱਤਾ ਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਰੀਖਣ ਲਈ ਇਸੇ ਲਈ ਆਏ ਹਨ। ਉਦਘਾਟਨ ਸਬੰਧੀ ਜਿਵੇਂ ਹੀ ਦਿਸ਼ਾ-ਨਿਰਦੇਸ਼ ਆਉਣਗੇ, ਉਹ ਅੱਗੇ ਵਧਣਗੇ। ਕਾਬਿਲੇਗ਼ੌਰ ਕਿ ਦੋ ਦਿਨ ਪਹਿਲਾਂ ਰੇਲਵੇ ਬੋਰਡ ਦੇ ਨਾਲ-ਨਾਲ ਰੇਲ ਮੰਤਰੀ ਦੇ ਓਐੱਸਡੀ ਵੱਲੋਂ ਵੀ ਨਿਰੀਖਣ ਕਰ ਕੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤੇ ਤਿਆਰੀਆਂ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ।
---
ਰੋਜ਼ਾਨਾ 7400 ਯਾਤਰੀਆਂ ਦੀ ਆਵਾਜਾਈ, ਏਸੀ ਵੇਟਿੰਗ ਹਾਲ ਸ਼ੁਰੂ
ਜਲੰਧਰ ਕੈਂਟ ਸਟੇਸ਼ਨ ’ਚ ਦਾਖਲ ਹੋਣ 'ਤੇ ਸਰਕੂਲੇਟਿੰਗ ਏਰੀਆ ਦੇ ਸੱਜੇ ਪਾਸੇ ਬੁਕਿੰਗ ਕਾਊਂਟਰ ਬਣੇ ਹੋਏ ਹਨ। ਮੁੱਖ ਇਮਾਰਤ ’ਚ ਦਾਖਲ ਹੋਣ 'ਤੇ ਖੱਬੇ ਪਾਸੇ ਇਨਕੁਆਰੀ ਕਾਊਂਟਰ ਤੇ ਉਨ੍ਹਾਂ ਦੇ ਅੱਗੇ ਪਖਾਨੇ ਬਣੇ ਹੋਏ ਹਨ। ਇਮਾਰਤ ’ਚ ਦਾਖਲ ਹੋਣ ਨਾਲ ਹੀ ਪੰਜਾਬ ਦੀ ਸੱਭਿਆਚਾਰ ਨੂੰ ਦਰਸਾਉਂਦੀਆਂ ਕਲਾ ਕ੍ਰਿਤੀਆਂ ਸਜਾਈਆਂ ਗਈਆਂ ਹਨ, ਜਿਨ੍ਹਾਂ ’ਚ ਕਿਸਾਨ, ਲੋਕ ਨਾਚ, ਸ੍ਰੀ ਦਰਬਾਰ ਸਾਹਿਬ, ਜਲ੍ਹਿਆਂਵਾਲਾ ਬਾਗ ਦੇ ਨਾਲ-ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਕਲਾ ਕ੍ਰਿਤੀਆਂ ਬਣਾਈਆਂ ਗਈਆਂ ਹਨ। ਇੱਥੇ ਲੱਗੇ ਲਗੇਜ਼ ਸਕੈਨਿੰਗ ਮਸ਼ੀਨ ਅਤੇ ਮੈਟਲ ਡਿਟੈਕਟਰ ਹਨ। ਜਿੱਥੇ ਜਾਂਚ ਮਗਰੋਂ ਯਾਤਰੀ ਚਾਹੇ ਤਾਂ ਸਾਹਮਣੇ ਏਸੀ ਵੇਟਿੰਗ ਹਾਲ ’ਚ ਬੈਠ ਸਕਦੇ ਹਨ ਜਾਂ ਫਿਰ ਲਿਫਟ, ਪੌੜੀਆਂ ਜਾਂ ਐਸਕਲੇਟਰ ਰਾਹੀਂ ਪਹਿਲੀ ਮੰਜ਼ਿਲ 'ਤੇ ਏਅਰ ਕੰਡੀਸ਼ਨਰ ’ਚ ਜਾ ਸਕਦੇ ਹਨ। ਇਸ ਵੇਲੇ ਏਅਰ ਕੰਡੀਸ਼ਨਰ ਖਾਲੀ ਹੈ, ਉੱਥੇ ਖਾਣ-ਪੀਣ ਦੇ ਸਟਾਲਾਂ ਦਾ ਟੈਂਡਰ ਨਹੀਂ ਹੋਇਆ ਤੇ ਉੱਥੇ ਗਲਾਸ ਵਰਕ ਆਦਿ ਦੇ ਕੰਮ ਬਾਕੀ ਹਨ। ਹਾਲਾਂਕਿ ਉੱਥੇ ਯਾਤਰੀਆਂ ਦੇ ਬੈਠਣ ਲਈ ਕੁਰਸੀਆਂ ਲੱਗੀਆਂ ਹੋਈਆਂ ਹਨ ਤੇ ਨਾਲ ਹੀ ਏਸੀ ਵੇਟਿੰਗ ਹਾਲ ਵੀ ਹੈ। ਸਟੇਸ਼ਨ 'ਤੇ ਰੋਜ਼ਾਨਾ 7400 ਯਾਤਰੀਆਂ ਦੀ ਆਵਾਜਾਈ ਹੁੰਦੀ ਹੈ, ਜਦਕਿ ਸਟੇਸ਼ਨ ਤੋਂ 141 ਰੇਲ ਗੱਡੀਆਂ ਲੰਘਦੀਆਂ ਹਨ ਤੇ ਸਟੇਸ਼ਨ ਦੀ ਔਸਤ ਆਮਦਨੀ 16.30 ਲੱਖ ਰੁਪਏ ਹੈ।
---
ਬਿੱਟੂ ਨੇ 2024 ਦੇ ਦੌਰੇ ’ਚ ਹੀ ਕੀਤਾ ਸੀ ਦਾਅਵਾ
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹਿਲੀ ਦਸੰਬਰ 2024 ਨੂੰ ਜਲੰਧਰ ਦੌਰੇ 'ਤੇ ਆਏ ਸਨ, ਉਸ ਵੇਲੇ ਉਨ੍ਹਾਂ ਨੇ ਜਲੰਧਰ ਕੈਂਟ ਸਟੇਸ਼ਨ ਦਾ ਦੌਰਾ ਵੀ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਸਤੰਬਰ 2025 ਤੱਕ ਕੈਂਟ ਸਟੇਸ਼ਨ ਦਾ ਨਿਰਮਾਣ ਪੂਰਾ ਕਰਵਾ ਲੈਣਗੇ ਤੇ ਪ੍ਰਧਾਨ ਮੰਤਰੀ ਤੋਂ ਇਸ ਦਾ ਉਦਘਾਟਨ ਕਰਵਾਉਣਗੇ। ਉਨ੍ਹਾਂ ਤੋਂ ਪਹਿਲਾਂ 24 ਅਕਤੂਬਰ 2024 ਨੂੰ ਨਾਰਦਰਨ ਰੇਲਵੇ ਦੇ ਜੀਐੱਮ ਅਸ਼ੋਕ ਕੁਮਾਰ ਵਰਮਾ ਵੀ ਨਿਰੀਖਣ ਕਰ ਕੇ ਗਏ ਸਨ। ਇਸ ਤੋਂ ਬਾਅਦ ਇਸ ਸਾਲ ਅਪ੍ਰੈਲ ’ਚ ਨਾਰਦਰਨ ਰੇਲਵੇ ਦੇ ਜੀਐੱਮ ਰਾਜੇਸ਼ ਕੁਮਾਰ ਪਾਂਡੇ ਵੱਲੋਂ ਪਹਿਲੀ ਵਾਰੀ ਸਟੇਸ਼ਨ 'ਤੇ ਨਿਰੀਖਣ ਕੀਤਾ ਗਿਆ ਸੀ ਤੇ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਉਨ੍ਹਾਂ ਵੱਲੋਂ ਦੁਬਾਰਾ ਸਟੇਸ਼ਨ 'ਤੇ ਦੌਰਾ ਕੀਤਾ ਗਿਆ ਹੈ।
---
ਜਾਣੋ ਹੁਣ ਕੀ-ਕੀ ਕੰਮ ਪੈਂਡਿੰਗ
-ਸਟੇਸ਼ਨ ਕੰਪਲੈਕਸ ’ਚ ਅੱਠ ਐਸਕਲੇਟਰ ਲੱਗੇ ਹਨ ਪਰ ਚੱਲ ਰਿਹਾ ਇੱਕ।
-10 ਲਿਫਟਾਂ ਲੱਗੀਆਂ ਹੋਈਆਂ ਹਨ ਪਰ ਤਿੰਨ ਚੱਲ ਰਹੀਆਂ।
- ਸਟੇਸ਼ਨ ਦੇ ਰੂਫਟਾਪ 'ਤੇ ਹਾਲੇ ਤੱਕ 350 ਕਿੱਲੋਵਾਟ ਦਾ ਸੋਲਰ ਪੈਨਲ ਲੱਗਣਾ ਬਾਕੀ।
-ਏਅਰ ਕੰਡੀਸ਼ਨਰ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹਨ।
-ਸਟੇਸ਼ਨ 'ਤੇ ਲਾਏ ਗਏ ਸਟਾਲਾਂ ਲਈ ਡ੍ਰੇਨਜ ਦੀਆਂ ਪਾਈਪਾਂ ਹਾਲੇ ਵੀ ਬਾਹਰ ਦੀ ਲੰਘ ਰਹੀਆਂ ਹਨ।
-ਸਟੇਸ਼ਨ 'ਤੇ ਲਗਾਏ ਗਏ ਕੋਚ ਇੰਡੀਕੇਸ਼ਨ ਦੇ ਪਿੱਲਰਾਂ ’ਤੇ ਪਲਾਸਟਰ ਨਹੀਂ ਕੀਤਾ ਗਿਆ।
-ਸਟੇਸ਼ਨ ਦੀ ਬਾਊਂਡਰੀ 'ਤੇ ਤਾਰਾਂ ਦੀ ਰੇਲਿੰਗ ਲਾਈ ਗਈ ਪਰ ਡਿਵਾਈਡਰਾਂ ਦੀ ਸਫਾਈ ਨਹੀਂ ਕੀਤੀ ਗਈ, ਮਲਵਾ ਪਿਆ ਹੈ।
-ਸਟੇਸ਼ਨ ਦੀ ਸੈਕੰਡ ਐਂਟਰੀ 'ਤੇ ਸੜਕ ਬਣਾਈ ਗਈ ਪਰ ਪਾਰਕਿੰਗ ਦਾ ਪ੍ਰਬੰਧ ਨਹੀਂ।
---
ਕੁਝ ਅਹਿਮ ਤੱਥ
-ਸਟੇਸ਼ਨ ਦਾ ਨਿਰਮਾਣ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਪਰ 7 ਅਕਤੂਬਰ 2022 ਨੂੰ ਪ੍ਰਧਾਨ ਮੰਤਰੀ ਨੇ ਵਿਰਚੁਅਲ ਸ਼ੁਰੂਆਤ ਕੀਤੀ ਸੀ।
-30 ਮਹੀਨੇ ਤੱਕ ਦੀ ਉਸਾਰੀ ਸਮਾਂ ਹੱਦ, ਜਿਸ ਦਾ ਮਤਲਬ 6 ਜੂਨ 2024 ਸੀ ਪਰ ਆਖ਼ਰੀ ਤਰੀਕਾਂ ’ਚ ਬਦਲਾਅ ਕੀਤਾ ਗਿਆ।
- ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਦੀ ਲਾਗਤ ਨਾਲ ਸਟੇਸ਼ਨ ਦੀ ਉਸਾਰੀ ਹੋਈ।
- ਸਟੇਸ਼ਨ ਨੂੰ 20,000 ਯਾਤਰੀਆਂ ਦੇ ਫੁੱਟਫਾਲ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ।
- ਆਪਣੇ ਤੈਅ ਸਮੇਂ ਤੋਂ 2 ਸਾਲ ਦੀ ਦੇਰੀ ਨਾਲ ਚੱਲ ਰਿਹੈ ਪ੍ਰੋਜੈਕਟ।
---
ਯਾਤਰੀਆਂ ਲਈ ਸਟੇਸ਼ਨ 'ਤੇ ਸਹੂਲਤਾਂ
-ਜਲੰਧਰ ਕੈਂਟ ਸਟੇਸ਼ਨ ਦੀ ਦੋਵੇਂ ਪਾਸੇ ਦਾਖਲਾ ਹੋਵੇਗਾ, ਜਲੰਧਰ-ਲੁਧਿਆਣਾ ਰਾਸ਼ਟਰੀ ਮਾਰਗ ਤੇ ਰਾਮਾ ਮੰਡੀ-ਦਕੋਹਾ ਰੋਡ।
- ਸਟੇਸ਼ਨ 'ਤੇ ਦੋ ਨਵੇਂ ਫੁੱਟਓਵਰ ਬ੍ਰਿਜ ਬਣੇ, ਇਕ ’ਚ ਪਾਰਕਿੰਗ ਏਰੀਆ ਤੋਂ ਸਿੱਧਾ ਪਲੇਟਫਾਰਮ 'ਤੇ ਜਾਂਦਾ ਹੈ।
- ਸਟੇਸ਼ਨ 'ਤੇ ਅੱਠ ਐਸਕਲੇਟਰ, 10 ਲਿਫਟਾਂ ਤੇ ਪੌੜੀਆਂ।
- 50 ਵਾਹਨਾਂ ਦੀ ਪਾਰਕਿੰਗ ਨੂੰ ਵਧਾ ਕੇ 200 ਕੀਤਾ।
- ਸੈਕੰਡ ਐਂਟਰੀ 'ਤੇ ਵੀ 50 ਵਾਹਨਾਂ ਦੀ ਪਾਰਕਿੰਗ, ਜੋ ਹਾਲੇ ਬਣਾਈ ਜਾ ਰਹੀ ਹੈ।
-ਸੀਵਰੇਜ ਟ੍ਰੀਟਮੈਂਟ ਪਲਾਂਟ, ਅੰਡਰਗ੍ਰਾਊਂਡ ਟੈਂਕ, ਰੇਨ ਵਾਟਰ ਹਾਰਵੈਸਟਿੰਗ ਸਿਸਟਮ।
- ਲਗੇਜ਼ ਸਕੈਨਿੰਗ ਮਸ਼ੀਨ, ਡਿਜੀਟਲ ਲਾਕਰ ਰੂਮ, ਅਤਿ-ਆਧੁਨਿਕ ਡਿਜੀਟਲ ਡਿਸਪਲੇ ਦੀ ਸੁਵਿਧਾ।
- ਗਰਾਊਂਡ ਫਲੋਰ ਤੇ ਪਹਿਲੀ ਮੰਜ਼ਿਲ 'ਤੇ ਬਣੇ ਏਸੀ ਵੈਟਿੰਗ ਹਾਲ।
- ਛੇ ਟਿਕਟ ਕਾਊਂਟਰ ਖੋਲ੍ਹੇ ਗਏ।
- ਪਿਕ ਤੇ ਡ੍ਰਾਪ ਦੀ ਸਹੂਲਤ।
- ਪੂਰੀ ਛੱਤ 'ਤੇ 350 ਕਿੱਲੋਵਾਟ ਦਾ ਸੋਲਰ ਪੈਨਲ (ਜੋ ਹਾਲੇ ਲੱਗਣਾ ਬਾਕੀ)।
- ਦਿਵਿਆਂਗਾਂ ਲਈ ਟੈਕਟਾਈਲ ਪਾਥਵੇ ਬਣਾਇਆ ਗਿਆ, ਜਿਸ ਸਹਾਰੇ ਦਿਵਿਆਂਗ ਖ਼ੁਦ ਪਲੇਟਫਾਰਮ ਤੱਕ ਜਾ ਸਕਦੇ ਹਨ।
- ਹੈਲਪ ਡੈਸਕ ਕਾਊਂਟਰ ਵੀ ਬਣਾਏ ਗਏ।
- ਗਰਭਵਤੀ ਔਰਤਾਂ ਲਈ ਸਟੇਸ਼ਨ 'ਤੇ ਬੇਬੀ ਫੀਡਿੰਗ ਰੂਮ ਵੀ ਬਣਾਇਆ ਗਿਆ।