- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਡੀਸ਼ੀਅਲ ਕੰਪਲੈਕਸ ਲਈ ਨਵੇਂ ਸਥਾਨ ਦੀ ਚੋਣ ਲਈ ਹੋਈ ਵੋਟਿੰਗ

-ਮੌਜੂਦਾ ਜੁਡੀਸ਼ੀਅਲ ਕੰਪਲੈਕਸ 812 ਵੋਟਾਂ ਨਾਲ ਰਿਹਾ ਵਕੀਲਾਂ ਦੀ ਪਹਿਲੀ ਪਸੰਦ, ਦੂਜੀ ਥਾਂ ਕੋਟ ਕਲਾਂ ਲਈ ਪਈਆਂ 271 ਵੋਟਾਂ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਵੱਲੋਂ ਨਵੇਂ ਜੁਡੀਸ਼ੀਅਲ ਕੰਪਲੈਕਸ ਲਈ ਜਗ੍ਹਾ ਦੀ ਚੋਣ ਕਰਨ ਲਈ ਅੱਜ ਵੋਟਿੰਗ ਕਰਵਾਈ ਗਈ ਜੋ ਕਿ ਸ਼ਾਂਤਮਈ ਢੰਗ ਨਾਲ ਸਮਾਪਤ ਹੋਈ ਤੇ ਜਲੰਧਰ ਦੇ ਮੌਜੂਦਾ ਜੁਡੀਸ਼ੀਅਲ ਕੰਪਲੈਕਸ ਨੂੰ ਵਕੀਲਾਂ ਦੀ ਪਹਿਲੀ ਪਸੰਦ ਵਜੋਂ ਸਭ ਤੋਂ ਵੱਧ 812 ਵੋਟਾਂ ਹਾਸਲ ਹੋਈਆਂ ਤੇ ਦੂਜੀ ਪਸੰਦ ਵਜੋਂ ਕੋਟ ਕਲਾਂ ਨੂੰ ਸਭ ਤੋਂ ਵੱਧ 271 ਵੋਟਾਂ ਪਈਆਂ, ਜਿਸ ਨਾਲ ਵਕੀਲਾਂ ਨੇ ਇਹ ਕਿਹਾ ਹੈ ਕਿ ਉਹ ਹਾਈਕੋਰਟ ਨੂੰ ਆਪਣਾ ਫ਼ੈਸਲਾ ਭੇਜਣਗੇ ਕਿ ਜੁਡੀਸ਼ੀਅਲ ਕੰਪਲੈਕਸ ਇੱਥੇ ਹੀ ਰਹਿਣਾ ਚਾਹੀਦਾ ਹੈ ਤੇ ਇਸੇ ਢਾਂਚੇ ਦਾ ਹੋਰ ਨਵੀਨੀਕਰਨ ਕੀਤਾ ਜਾਣਾ ਚਾਹੀਦਾ ਹੈ।
ਅੱਜ ਇਸ ਵੋਟਿੰਗ ਲਈ ਸਵੇਰੇ ਤੋਂ ਹੀ ਵਕੀਲਾਂ ’ਚ ਉਤਸ਼ਾਹ ਵੇਖਣ ਨੂੰ ਮਿਲਿਆ। ਇਹ ਵੋਟਿੰਗ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹਾਤੇ ਵਿਚ ਸਵੇਰੇ 9:00 ਵਜੇ ਤੋਂ ਸ਼ਾਮ 4:30 ਤੱਕ ਇਨ੍ਹਾਂ ਚੋਣਾਂ ਲਈ ਬਣਾਈ ਗਈ ਕਮੇਟੀ ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਮਨਮੋਹਨ ਸ਼ਰਮਾ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਸਤਨਾਮ ਸਿੰਘ ਹੁੰਦਲ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਓਪੀ ਕੰਗਣੀਵਾਲ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਸੰਜੀਵ ਕੁਮਾਰ ਅਧਿਕਾਰੀ, ਐਡਵੋਕੇਟ ਗੁਰਬਚਨ ਸਿੰਘ ਗਗਨੇਜਾ, ਐਡਵੋਕੇਟ ਤਜਿੰਦਰ ਸਿੰਘ ਬੱਧਨ, ਐਡਵੋਕੇਟ ਮਧੂ ਰਚਨਾ ਤੇ ਐਡਵੋਕੇਟ ਪ੍ਰਵੀਨ ਬਾਲਾ ਦੀ ਨਿਗਰਾਨੀ ਹੇਠ ਕਰਵਾਈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਨੂੰ ਵੱਡੀ ਗਿਣਤੀ ਵਿਚ ਵੋਟਿੰਗ ਵਿਚ ਹਿੱਸਾ ਲੈਣ ਅਤੇ ਨਵੇਂ ਜੁਡੀਸ਼ੀਅਲ ਕੰਪਲੈਕਸ ਲਈ ਸਭ ਤੋਂ ਢੁੱਕਵੀਂ ਜਗ੍ਹਾ ਦੀ ਚੋਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਸੀ ਤੇ ਅੱਜ ਵਕੀਲਾਂ ਨੇ ਉਤਸ਼ਾਹ ਵਿਖਾਉਂਦੇ ਹੋਏ ਇਸ ਲਈ ਵੋਟਿੰਗ ਕੀਤੀ ਅਤੇ ਤਕਰੀਬਨ 3 ਹਜ਼ਾਰ ਵਕੀਲ ਵੋਟਰਾਂ ’ਚੋਂ 1357 ਵਕੀਲ ਮੈਂਬਰਾਂ ਨੇ ਵੋਟਿੰਗ ਕੀਤੀ ਜਿਨ੍ਹਾਂ ’ਚੋਂ ਰੱਦ ਹੋਈਆਂ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਾਈਕੋਰਟ ਵਲੋਂ ਦਿੱਤੇ ਗਏ ਸੁਝਾਅ ਅਨੁਸਾਰ ਜਿਨ੍ਹਾਂ ਥਾਵਾਂ ’ਚੋਂ ਚੋਣ ਕੀਤੀ ਜਾਣੀ ਹੈ ਉਹ ਥਾਵਾਂ ਮੌਜੂਦਾ ਜੁਡੀਸ਼ੀਅਲ ਕੰਪਲੈਕਸ, ਵਲ ਲਾਈਨਜ਼, ਜਲੰਧਰ, ਪਿੰਡ ਕੋਟ ਕਲਾਂ ਫਗਵਾੜਾ ਰੋਡ, ਜਲੰਧਰ, ਪਿੰਡ ਭਗਵਾਨਪੁਰ ਨੇੜੇ ਵੰਡਰਲੈਂਡ, ਨਕੋਦਰ ਰੋਡ, ਜਲੰਧਰ, ਪਿੰਡ ਫੋਲੜੀਵਾਲ, ਜਮਸ਼ੇਰ ਰੋਡ, ਜਲੰਧਰ ਤੇ ਨੰਗਲ ਸ਼ਾਮਾ, ਹੁਸ਼ਿਆਰਪੁਰ ਰੋਡ, ਜਲੰਧਰ ਸ਼ਾਮਲ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ ਅਤੇ ਚੋਣ ਅਧਿਕਾਰੀ ਬਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਮੌਜੂਦਾ ਜੁਡੀਸ਼ੀਅਲ ਕੰਪਲੈਕਸ ਲਈ ਪਹਿਲੀ ਪਸੰਦ ਵਜੋਂ ਸਭ ਤੋਂ ਵੱਧ 812 ਵੋਟਾਂ ਪਈਆਂ ਤੇ ਦੂਜੀ ਪਸੰਦ ਵਜੋਂ ਸਿਰਫ਼ 187 ਵੋਟਾਂ ਹੀ ਪਈਆਂ।
-ਦੂਜੇ ਨੰਬਰ ’ਤੇ ਪਿੰਡ ਕੋਟ ਕਲਾਂ, ਫਗਵਾੜਾ ਰੋਡ ਦੇ ਸਥਾਨ ਲਈ 271 ਵੋਟਾਂ ਪਈਆਂ।
ਇੱਥੇ ਜ਼ਿਕਰਯੋਗ ਹੈ ਕਿ ਬਾਰ ਦੀਆਂ ਚੋਣਾਂ ਲਈ ਹਮੇਸ਼ਾ 1500 ਤੋਂ 1700 ਦੇ ਕਰੀਬ ਹੀ ਵੋਟਾਂ ਪੈਂਦੀਆਂ ਹਨ ਪਰ ਅੱਜ ਦੀ ਵੋਟਿੰਗ ਨੂੰ ਕਾਫ਼ੀ ਜ਼ਿਆਦਾ ਵੋਟਿੰਗ ਗਿਣਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਜੁਡੀਸ਼ੀਅਲ ਕੰਪਲੈਕਸ ਦੀ ਦੂਜੀ ਪਸੰਦ ਨੂੰ ਸਿਰਫ਼ 187 ਵੋਟਾਂ ਹੀ ਹਾਸਲ ਹੋਈਆਂ ਤੇ ਇਸੇ ਤਰ੍ਹਾਂ ਕੋਟ ਕਲਾਂ ਨੂੰ ਪਹਿਲੀ ਪਸੰਦ ਦੇ ਤੌਰ ’ਤੇ 114 ਤੇ ਦੂਜੀ ਪਸੰਦ ਵਜੋਂ 271, ਭਗਵਾਨਪੁਰ ਨੂੰ ਪਹਿਲੀ ਪਸੰਦ ਵਜੋਂ 123 ਅਤੇ ਦੂਜੀ ਪਸੰਦ ਵਜੋਂ 207, ਫੋਲੜੀਵਾਲ ਨੂੰ ਪਹਿਲੀ ਪਸੰਦ ਦੇ ਤੌਰ ’ਤੇ 77 ਤੇ ਦੂਜੀ ਪਸੰਦ ਦੇ ਤੌਰ ’ਤੇ 183, ਨੰਗਲ ਸ਼ਾਮਾਂ ਨੂੰ ਪਹਿਲੀ ਪਸੰਦ ਵਜੋਂ 194 ਤੇ ਦੂਜੀ ਪਸੰਦ ਦੇ ਤੌਰ ’ਤੇ 268 ਵੋਟਾਂ ਪ੍ਰਾਪਤ ਹੋਈਆਂ ਤੇ ਕੁੱਲ ਮਿਲਾ ਕੇ ਸਭ ਤੋਂ ਵਧ 812 ਵੋਟਾਂ ਨਾਲ ਜਲੰਧਰ ਵਾਲਾ ਮੌਜੂਦਾ ਜੁਡੀਸ਼ੀਅਲ ਕੰਪਲੈਕਸ ਹੀ ਸਾਰੇ ਵਕੀਲਾਂ ਦੀ ਪਹਿਲੀ ਪਸੰਦ ਨਾਲ ਅੱਗੇ ਰਿਹਾ ਤੇ ਵਕੀਲਾਂ ਨੇ ਇਹੀ ਫ਼ੈਸਲਾ ਕੀਤਾ ਕਿ ਇਹ ਕੰਪਲੈਕਸ ਇੱਥੇ ਹੀ ਰਹਿਣ ਦਿੱਤਾ ਜਾਵੇ।