- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਗਪੁਰ ’ਚ ਰੇੜ੍ਹੀਆਂ-ਫੜ੍ਹੀਆਂ ਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ

-ਨਗਰ ਕੌਂਸਲ ਦੇ ਈਓ ਰਾਜੀਵ ਉਬਰਾਏ ਨੂੰ ਦਿੱਤਾ ਮੰਗ ਪੱਤਰ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਸ਼ਹਿਰ ’ਚ ਵੱਧ ਰਹੀਆਂ ਰੇਹੜੀਆਂ-ਫੜ੍ਹੀਆਂ ਤੇ ਜਨਤਕ ਥਾਵਾਂ ’ਤੇ ਹੋ ਰਹੇ ਕਥਿਤ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਮੰਗਲਵਾਰ ਭੋਗਪੁਰ ਦੇ ਲੋਕਾਂ ਵੱਲੋਂ ਨਗਰ ਕੌਂਸਲ ਭੋਗਪੁਰ ਦੇ ਕਾਰਜਕਾਰੀ ਅਫ਼ਸਰ (ਈਓ) ਰਾਜੀਵ ਉਬਰਾਏ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ’ਚ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਤੇ ਹੋਰ ਜਨਤਕ ਥਾਵਾਂ ’ਤੇ ਰੇੜ੍ਹੀਆਂ-ਫੜ੍ਹੀਆਂ ਤੇ ਕੁਝ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਉਠਾਇਆ ਗਿਆ। ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਕਬਜ਼ਿਆਂ ਨੂੰ ਹਟਾਇਆ ਜਾਵੇ। ਕੁਝ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਭੋਗਪੁਰ ਦੇ ਲੋਕਾਂ ਨੇ ਈਓ ਰਾਜੀਵ ਉਬਰਾਏ ਨੂੰ ਅਪੀਲ ਕੀਤੀ ਕਿ ਸ਼ਹਿਰ ’ਚ ਹੋ ਰਹੇ ਸਾਰੇ ਨਾਜਾਇਜ਼ ਕਬਜ਼ਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਸ਼ਹਿਰ ’ਚ ਟ੍ਰੈਫਿਕ ਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਇਸ ਮੌਕੇ ਮਨਦੀਪ ਸਿੰਘ ਮੰਨੂ ਦੁਸਾਂਝ, ਸਮੂਹ ਟੀਮ ਗੁਰਪ੍ਰੀਤ ਸਿੰਘ ਭੋਗਲ, ਅਰਵਿੰਦਰ ਸਿੰਘ ਝੱਮਟ, ਜਸਵੀਰ ਸਿੰਘ ਦੋਆਬਾ ਡੀਜ਼ਲ ਵਾਲੇ, ਸੁਖਦੀਪ ਸਿੰਘ ਭੋਗਲ (ਲੱਡੂ), ਗੁਰਪ੍ਰੀਤ ਸ਼ੂ ਪੈਲਸ, ਰਾਕੇਸ਼ ਮੱਟੂ, ਅਜੇ ਸਮੀਰ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਪੰਚ ਤੇ ਪ੍ਰੀਤਮ ਸਿੰਘ ਹਾਜ਼ਰ ਸਨ।