ਬਾਬਾ ਸੋਢਲ ਦੇ ਦਰ ’ਤੇ ਆਉਣਾ ਮੇਰੇ ਲਈ ਸੁਭਾਗ ਦੀ ਗੱਲ : ਕਟਾਰੀਆ ਬਾਬਾ ਸੋਢਲ ਦੇ ਦਰ ‘ਤੇ ਆਉਣਾ ਮੇਰੇ ਲਈ ਸੁਭਾਗ ਦੀ ਗੱਲ : ਕਟਾਰੀਆ
Publish Date: Fri, 25 Sep 2026 08:52 PM (IST)
Updated Date: Fri, 25 Sep 2026 08:54 PM (IST)
-ਗੁਰਦੁਆਰਾ ਸੋਢਲ ਛਾਉਣੀ ’ਚ ਵੀ ਹੋਏ ਨਤਮਸਤਕ, ਮੇਅਰ ਵਿਨੀਤ ਧੀਰ ਵੀ ਰਹੇ ਮੌਜੂਦ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਸੋਢਲ ਮੇਲੇ ਦੀ ਆਸਥਾ ਭਰੀ ਰੌਣਕ ਦਰਮਿਆਨ ਅੱਜ ਬਾਬਾ ਸੋਢਲ ਦੇ ਦਰਬਾਰ ’ਚ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਹੋਈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਮੱਥਾ ਟੇਕਿਆ ਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਰਾਜਪਾਲ ਨੇ ਹਵਨ ਯੱਗ ਵਿੱਚ ਸ਼ਰਧਾ ਨਾਲ ਹਿੱਸਾ ਲੈਣ ਤੋਂ ਬਾਅਦ ਪੰਜਾਬ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ ਤੇ ਸੰਗਤ ਨੂੰ ਆਪਸੀ ਪ੍ਰੇਮ, ਸਦਭਾਵਨਾ ਤੇ ਭਾਈਚਾਰਾ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। --- ਪ੍ਰੇਮ, ਸਦਭਾਵਨਾ ਤੇ ਭਾਈਚਾਰਾ ਮਜ਼ਬੂਤ ਕਰਨ ਦਾ ਸੱਦਾ ਕਟਾਰੀਆ ਨੇ ਕਿਹਾ ਕਿ ਧਾਰਮਿਕ ਅਸਥਾਨ ਅਤੇ ਮੇਲੇ ਸਾਨੂੰ ਆਪਸੀ ਪ੍ਰੇਮ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਦਿੰਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਸਮਾਜ ਵਿੱਚ ਆਪਸੀ ਸਾਂਝ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਜੇ ਹਰ ਵਰਗ ਇਕਜੁੱਟਤਾ ਨਾਲ ਆਪਣੀ ਭੂਮਿਕਾ ਨਿਭਾਏ ਤਾਂ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੱਕ ਲਿਜਾਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ----------------------- ਮੇਅਰ ਧੀਰ ਦੀ ਮੌਜੂਦਗੀ ਵੀ ਰਹੀ ਖਾਸ ਰਾਜਪਾਲ ਦੀ ਸੋਢਲ ਮੰਦਿਰ ਫੇਰੀ ਦੌਰਾਨ ਮੇਅਰ ਵਿਨੀਤ ਧੀਰ ਵੀ ਮੌਜੂਦ ਰਹੇ। ਮੇਲੇ ਦੇ ਪਹਿਲੇ ਦਿਨ ਜਦੋਂ ਸੋਢਲ ਇਲਾਕੇ ਵਿੱਚ ਸੰਗਤ ਦੀ ਵੱਡੀ ਆਮਦ ਹੋ ਰਹੀ ਸੀ, ਉਸੇ ਦੌਰਾਨ ਰਾਜਪਾਲ ਦੀ ਮੰਦਿਰ ਫੇਰੀ ਅਤੇ ਮੇਅਰ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ। ਮੰਦਿਰ ਦੇ ਆਲੇ-ਦੁਆਲੇ ਮੇਲੇ ਦੀ ਰੌਣਕ ਵੀ ਪੂਰੇ ਜੋਬਨ ’ਤੇ ਰਹੀ। ਇਸ ਮੌਕੇ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਚੇਅਰਮੈਨ ਸ਼ੀਤਲ ਵਿੱਜ, ਮੇਅਰ ਵਿਨੀਤ ਧੀਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਡਿਪਟੀ ਮੇਅਰ ਮਲਕੀਤ ਸਿੰਘ, ਟਰੱਸਟ ਦੇ ਜਨਰਲ ਸਕੱਤਰ ਤਰਸੇਮ ਕਪੂਰ, ਕੈਸ਼ੀਅਰ ਸੁਰੇਸ਼ ਚੱਢਾ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।