
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਇਰਲ ਬੁਖਾਰ ਦੇ ਡੇਂਗੂ ਤੇ ਚਿਕਨਗੁਨੀਆ ਵਰਗੇ ਲੱਛਣ, ਟੈਸਟ ਆ ਰਹੇ ਨੈਗੇਟਿਵ

ਜਾਗਰਣ ਸੰਵਾਦਦਾਤਾ, ਜਲੰਧਰ : ਮੌਸਮ ’ਚ ਲਗਾਤਾਰ ਹੋ ਰਹੇ ਤਾਪਮਾਨ ਦੇ ਉਤਾਰ-ਚੜ੍ਹਾਅ ਤੇ 90 ਫੀਸਦੀ ਤੱਕ ਪਹੁੰਚੀ ਨਮੀ ਨੇ ਲੋਕਾਂ ਦੀ ਸਿਹਤ ਵਿਗਾੜ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਸਮ ’ਚ ਡੇਂਗੂ ਦਾ ਮੱਛਰ ਪੂਰੀ ਤਰ੍ਹਾਂ ਸਰਗਰਮ ਨਹੀਂ ਹੈ, ਇਸ ਦੇ ਬਾਵਜੂਦ ਲੋਕਾਂ ’ਚ ਡੇਂਗੂ ਤੇ ਚਿਕਨਗੁਨੀਆ ਵਰਗੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਸਰਕਾਰੀ ਹਸਪਤਾਲਾਂ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ਪਿਛਲੇ ਦਸ ਦਿਨਾਂ ਦੌਰਾਨ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਡਾਕਟਰ ਵੀ ਚਿੰਤਤ ਹਨ। ਸਿਵਲ ਹਸਪਤਾਲ ਦੀ ਓਪੀਡੀ ’ਚ ਪਹਿਲਾਂ ਜਿੱਥੇ ਰੋਜ਼ਾਨਾ ਕਰੀਬ 20 ਬੁਖਾਰ ਦੇ ਮਰੀਜ਼ ਆਉਂਦੇ ਸਨ, ਉੱਥੇ ਹੁਣ ਇਹ ਗਿਣਤੀ ਵਧ ਕੇ 25 ਤੋਂ 30 ਤੱਕ ਪਹੁੰਚ ਗਈ ਹੈ। ਮਰੀਜ਼ ਸਿਰ ਦਰਦ, ਕੰਬਣੀ ਦੇ ਨਾਲ ਤੇਜ਼ ਬੁਖਾਰ, ਸਰੀਰ ’ਚ ਦਰਦ, ਜੋੜਾਂ ’ਚ ਦਰਦ, ਖਾਣ ਨੂੰ ਮਨ ਨਾ ਕਰਨਾ ਤੇ ਅਚਾਨਕ ਤੇਜ਼ ਬੁਖਾਰ ਚੜ੍ਹਨ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਕਈ ਮਰੀਜ਼ਾਂ ਵਿੱਚ ਪਲੇਟਲੈਟਸ ਘੱਟ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ, ਜਿਸ ਕਾਰਨ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਡੇਂਗੂ ਨੂੰ ਲੈ ਕੇ ਘਬਰਾ ਰਹੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਲੈਬ ਟੈਸਟ ’ਚ ਜ਼ਿਆਦਾਤਰ ਮਾਮਲੇ ਨੈਗੇਟਿਵ ਆ ਰਹੇ ਹਨ। ਡਾਕਟਰ ਲੱਛਣਾਂ ਦੇ ਆਧਾਰ ’ਤੇ ਡੇਂਗੂ ਤੇ ਚਿਕਨਗੁਨੀਆ ਦੀ ਪੁਸ਼ਟੀ ਲਈ ਟੈਸਟ ਕਰਵਾ ਰਹੇ ਹਨ, ਪਰ ਜਾਂਚ ’ਚ ਰਿਪੋਰਟ ਨੈਗੇਟਿਵ ਆ ਰਹੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਜ਼ਿਲ੍ਹੇ ’ਚ ਕਰੀਬ 7500 ਲੋਕਾਂ ਦੇ ਡੇਂਗੂ ਅਤੇ 120 ਦੇ ਕਰੀਬ ਲੋਕਾਂ ਦੇ ਚਿਕਨਗੁਨੀਆ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚੋਂ ਸਿਰਫ਼ 18 ਲੋਕਾਂ ’ਚ ਡੇਂਗੂ ਅਤੇ ਦੋ ਲੋਕਾਂ ’ਚ ਚਿਕਨਗੁਨੀਆ ਦੀ ਪੁਸ਼ਟੀ ਹੋਈ ਹੈ। ਭਾਵ ਪਾਜ਼ੀਟਿਵਿਟੀ ਦਰ ਕਾਫ਼ੀ ਘੱਟ ਹੈ। ਹਾਲਾਂਕਿ ਬਲੱਡ ਬੈਂਕ ’ਚ ਰੋਜ਼ਾਨਾ 5 ਤੋਂ 7 ਮਰੀਜ਼ ਪਲੇਟਲੈਟਸ ਲੈਣ ਲਈ ਪਹੁੰਚ ਰਹੇ ਹਨ।
-------------
ਪਹਿਲਾਂ ਇਕ ਹਫ਼ਤੇ ’ਚ ਹੁੰਦੇ ਸਨ ਠੀਕ, ਹੁਣ ਲੱਗ ਰਹੇ 12 ਤੋਂ 15 ਦਿਨ
ਨਿਊ ਰੂਬੀ ਹਸਪਤਾਲ ਦੇ ਐੱਮਡੀ ਡਾ. ਐੱਸਪੀਐੱਸ ਗਰੋਵਰ ਕਹਿੰਦੇ ਹਨ ਕਿ ਇਸ ਵਾਰ ਵਾਇਰਲ ਬੁਖਾਰ ਦਾ ਰੁਝਾਨ ਵੀ ਬਦਲਿਆ ਹੋਇਆ ਹੈ। ਪਹਿਲਾਂ ਮਰੀਜ਼ 5 ਤੋਂ 7 ਦਿਨਾਂ ’ਚ ਠੀਕ ਹੋ ਜਾਂਦੇ ਸਨ, ਪਰ ਇਸ ਵਾਰ ਮਰੀਜ਼ਾਂ ਨੂੰ ਠੀਕ ਹੋਣ ਵਿੱਚ 12 ਤੋਂ 15 ਦਿਨ ਤੱਕ ਦਾ ਸਮਾਂ ਲੱਗ ਰਿਹਾ ਹੈ। ਮਰੀਜ਼ਾਂ ’ਚ ਕਮਜ਼ੋਰੀ ਤੇ ਥਕਾਵਟ ਲੰਬੇ ਸਮੇਂ ਤੱਕ ਬਣਦੀ ਹੈ।