ਭੋਗਪੁਰ ਨੇੜੇ ਟਰੈਕਟਰ-ਟਰਾਲੀ ਤੇ ਗੱਡੀ ਦੀ ਟੱਕਰ, ਡਰਾਈਵਰ ਜ਼ਖ਼ਮੀ ਭੋਗਪੁਰ ਨੇੜੇ ਟਰੈਕਟਰ-ਟਰਾਲੀ ਤੇ ਟਾਟਾ 712 ਦੀ ਜ਼ਬਰਦਸਤ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ
Publish Date: Sun, 11 Oct 2026 09:01 PM (IST)
Updated Date: Sun, 11 Oct 2026 09:02 PM (IST)
ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ ਭੋਗਪੁਰ : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਭੋਗਪੁਰ ਵਿਚ ਜੌਹਲ ਹਸਪਤਾਲ ਸਾਹਮਣੇ ਤੜਕਸਾਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਪਠਾਨਕੋਟ ਵੱਲੋਂ ਆ ਰਹੀ ਇਕ ਟਾਟਾ 712 ਗੱਡੀ ਨੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਟਾਟਾ ਗੱਡੀ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਹਸਪਤਾਲ ਦਾਖਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਐਤਵਾਰ ਸਵੇਰੇ ਤੜਕੇ ਲਗਭਗ 5:00 ਵਜੇ ਦੇ ਕਰੀਬ ਵਾਪਰੀ। ਪਠਾਨਕੋਟ ਵੱਲੋਂ ਜਲੰਧਰ ਵੱਲ ਆ ਰਹੀ ਟਾਟਾ 712 ਗੱਡੀ ਨੇ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਟਾਟਾ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ’ਚ ਟਾਟਾ ਦਾ ਡਰਾਈਵਰ ਸਤੀਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਗੱਡੀ ’ਚ ਉਸ ਦੇ ਨਾਲ ਸਵਾਰ ਸਾਥੀ ਮਨੀ ਰਾਮ ਤੇ ਵਿਜੇ ਕੁਮਾਰ ਵਾਲ-ਵਾਲ ਬਚ ਗਏ। ਸੂਚਨਾ ਮਿਲਦੇ ਹੀ ਏਐੱਸਆਈ ਰਣਜੀਤ ਸਿੰਘ ਦੀ ਅਗਵਾਈ ਹੇਠ ਕਾਂਸਟੇਬਲ ਲਖਵਿੰਦਰ ਸਿੰਘ ਤੇ ਕਾਂਸਟੇਬਲ ਸਤਨਾਮ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ ਤੇ ਜ਼ਖ਼ਮੀ ਡਰਾਈਵਰ ਸਤੀਸ਼ ਕੁਮਾਰ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਜੌਹਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।