ਰਸਤਾ ਰੋਕਣ ਦੇ ਵਿਵਾਦ ਨੂੰ ਲੈ ਕੇ ਹਿੰਸਕ ਝੜਪ, ਕਾਰ ਸਵਾਰ ਵੱਲੋਂ ਸਵੈ-ਰੱਖਿਆ 'ਚ ਹਵਾਈ ਫਾਇਰਿੰਗ
ਥਾਣਾ ਨੰਬਰ 7 ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਬੈਂਕ ਇਨਕਲੇਵ ਖੇਤਰ ਵਿੱਚ ਦੋ ਧਿਰਾਂ ਵਿਚਕਾਰ ਇੱਕ ਰਸਤਾ ਰੋਕਣ ਦੇ ਮਾਮੂਲੀ ਝਗੜੇ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਹਵਾਈ ਫਾਇਰਿੰਗ ਕਾਰਨ ਦਹਿਸ਼ਤ ਫੈਲਾ ਦਿੱਤੀ।
Publish Date: Mon, 10 Aug 2026 06:42 PM (IST)
Updated Date: Tue, 11 Aug 2026 11:01 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ 7 ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਬੈਂਕ ਇਨਕਲੇਵ ਖੇਤਰ ਵਿੱਚ ਦੋ ਧਿਰਾਂ ਵਿਚਕਾਰ ਇੱਕ ਰਸਤਾ ਰੋਕਣ ਦੇ ਮਾਮੂਲੀ ਝਗੜੇ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਹਵਾਈ ਫਾਇਰਿੰਗ ਕਾਰਨ ਦਹਿਸ਼ਤ ਫੈਲਾ ਦਿੱਤੀ। ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦੇ ਡਲਿਵਰੀ ਬੁਆਏ ਨੇ ਮੋਟਰਸਾਈਕਲ ਸੜਕ ਵਿਚਕਾਰ ਖੜ੍ਹਾ ਕਰ ਦਿੱਤਾ ਸੀ।
ਜਦੋਂ ਉਨ੍ਹਾਂ ਨੂੰ ਪਾਸੇ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਥੋਂ ਆਪਣੇ ਘਰ ਆ ਗਿਆ। ਇਸ ਤੋਂ ਬਾਅਦ ਡਲਿਵਰੀ ਬੁਆਏ ਅਤੇ ਉਸ ਦੇ ਸਾਥੀਆਂ ਨੇ ਉਸ ਦਾ ਪਿੱਛਾ ਕੀਤਾ ਜਿੱਥੇ ਪਹੁੰਚ ਕੇ ਉਸ ਨੇ ਆਪਣੇ ਹੋਰ ਸਾਥੀਆਂ ਨੂੰ ਹੀ ਬੁਲਾ ਲਿਆ। ਹਮਲਾਵਰ ਰਾਡਾਂ, ਤੇਜ਼ਧਾਰ ਹਥਿਆਰਾਂ ਤੇ ਇੱਕ ਦੇਸੀ ਪਿਸਤੌਲ ਨਾਲ ਲੈਸ ਸਨ। ਉਸ ਨੇ ਸਵੈ-ਰੱਖਿਆ ’ਚ ਹਵਾ ਵਿੱਚ ਗੋਲੀਆਂ ਚਲਾਈਆਂ। ਘਟਨਾ ਦੀ ਸੂਚਨਾ ਮਿਲਣ ਤੇ, ਥਾਣਾ ਨੰਬਰ 7 ਦੇ ਐੱਸਐੱਚਓ ਰਵਿੰਦਰ ਕੁਮਾਰ ਤੁਰੰਤ ਪੁਲਿਸ ਟੀਮ ਨਾਲ ਮੌਕੇ ਤੇ ਪੁੱਜੇ ਤੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ।
ਪੁਲਿਸ ਨੇ ਹਵਾ ਵਿਚ ਗੋਲੀਬਾਰੀ ਕਰਨ ਵਾਲੇ ਦਾ ਬਿਆਨ ਦਰਜ ਕਰ ਲਿਆ ਹੈ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।