ਗੜ੍ਹਾ ਦੇ ਵਾਲਮੀਕਿ ਮੁਹੱਲੇ ’ਚ ਪੁਰਾਣੀ ਰੰਜਿਸ਼ ਕਾਰਨ ਹਿੰਸਕ ਝੜਪ ਗੜ੍ਹਾ ਦੇ ਵਾਲਮੀਕਿ ਮੁਹੱਲੇ ’ਚ ਪੁਰਾਣੀ ਰੰਜਿਸ਼ ਕਾਰਨ ਹਿੰਸਕ ਝੜਪ
Publish Date: Fri, 25 Sep 2026 07:51 PM (IST)
Updated Date: Fri, 25 Sep 2026 07:54 PM (IST)
ਨੌਜਵਾਨ ’ਤੇ ਕਿਰਪਾਨਾਂ ਨਾਲ ਹਮਲਾ, ਘਟਨਾ ਸੀਸੀਟੀਵੀ ’ਚ ਕੈਦ ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਗੜ੍ਹਾ ਦੇ ਵਾਲਮੀਕਿ ਮੁਹੱਲੇ ’ਚ ਲੰਬੇ ਸਮੇਂ ਤੋਂ ਚੱਲ ਰਹੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਪਸ ’ਚ ਭਿੜ ਗਈਆਂ। ਇਹ ਵਿਵਾਦ ਜਲਦੀ ਹੀ ਹਿੰਸਕ ਟਕਰਾਅ ’ਚ ਬਦਲ ਗਿਆ। ਘਟਨਾ ਦੌਰਾਨ, ਕਿਰਪਾਨਾਂ ਨਾਲ ਕੀਤੇ ਗਏ ਹਮਲੇ ’ਚ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਰੀ ਘਟਨਾ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਫੁਟੇਜ ’ਚ ਕਈ ਨੌਜਵਾਨ ਇਕ ਨੌਜਵਾਨ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਹਮਲੇ ਦੌਰਾਨ ਇਕ ਨੌਜਵਾਨ ਕਿਰਪਾਨ ਲੈ ਕੇ ਆਉਂਦਾ ਹੈ ਤੇ ਪੀੜਤ ਤੇ ਹਮਲਾ ਕਰਦਾ ਹੈ। ਹਮਲੇ ਦੌਰਾਨ ਇਕ ਕੁੱਤਾ ਵੀ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਕਿਰਪਾਨ ਵਾਲਾ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਦਕਿ ਬਾਕੀ ਨੌਜਵਾਨ ਪੀੜਤ ਦੀ ਕੁੱਟਮਾਰ ਜਾਰੀ ਰੱਖਦੇ ਹਨ। ਕੁਝ ਦੇਰ ਬਾਅਦ ਉਹੀ ਨੌਜਵਾਨ ਕਿਰਪਾਨ ਲੈ ਕੇ ਵਾਪਸ ਆਉਂਦਾ ਹੈ ਤੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਜਾਪਦਾ ਹੈ। ------------------------- ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ, ਪੁਲਿਸ ਕਾਰਵਾਈ ਸ਼ੁਰੂ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ’ਚ ਆ ਗਈ। ਪੁਲਿਸ ਅਨੁਸਾਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਵਿਵਾਦ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ। ਏਡੀਸੀਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਨੌਜਵਾਨ ਤੇ ਹਥਿਆਰਾਂ ਨਾਲ ਹਮਲਾ ਹੁੰਦਾ ਦਿਖਾਈ ਦੇ ਰਿਹਾ ਸੀ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ’ਚ ਵਰਤਿਆ ਗਿਆ ਹਥਿਆਰ ਵੀ ਮੁਲਜ਼ਮਾਂ ਕੋਲੋਂ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਥਾਣਾ ਨੰਬਰ 7 ਵਿਖੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।