- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀਆਂ ਤਾਰਾਂ ’ਤੇ ਚੜ੍ਹੀਆਂ ਵੇਲਾਂ ਬਣ ਸਕਦੀਆਂ ਹਨ ਵੱਡੇ ਹਾਦਸੇ ਦਾ ਕਾਰਨ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਹਰ ਰੋਜ਼ ਫਾਲਟ ਕਰਕੇ ਬਿਜਲੀ ਗੁੱਲ ਹੋ ਜਾਂਦੀ ਹੈ, ਜਿਸ ਕਰਕੇ ਲੋਕਾਂ ਨੂੰ ਕਈ ਕਈ ਘੰਟੇ ਬਿਜਲੀ ਆਉਣ ਦੀ ਉਡੀਕ ਕਰਨੀ ਪੈਂਦੀ ਹੈ। ਇਸ ਸਬੰਧੀ ਕਿਤੇ ਨਾ ਕਿਤੇ ਵਿਭਾਗ ਦੇ ਕਰਮਚਾਰੀ ਵੀ ਜ਼ਿੰਮੇਵਾਰ ਹਨ। ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਖਾਲੀ ਪਲਾਟਾਂ ’ਚ ਉੱਘੀ ਜੰਗਲੀ ਬੂਟੀ ਤੇ ਵੇਲਾਂ ਬਿਜਲੀ ਦੀਆਂ ਤਾਰਾਂ ’ਤੇ ਚੜ੍ਹਦੀਆਂ ਜਾ ਰਹੀਆਂ ਹਨ, ਜਿਸ ਕਰਕੇ ਮੀਂਹ ਹਨੇਰੀ ਆਉਣ ’ਤੇ ਇਹ ਖ਼ਰਾਬੀ ਦਾ ਕਾਰਨ ਬਣਦੀਆਂ ਹਨ। ਵਿਭਾਗ ਵੱਲੋਂ ਦਰੱਖਤਾਂ ਦੀਆਂ ਵਾਧੂ ਟਹਿਣੀਆਂ ਤੇ ਵੇਲਾਂ ਨੂੰ ਕੱਟਣ ਲਈ ਕਰਮਚਾਰੀ ਤਾਇਨਾਤ ਹਨ ਪਰ ਜਦੋਂ ਤੱਕ ਕੋਈ ਸ਼ਿਕਾਇਤ ਨਾ ਹੋਵੇ, ਉਹ ਆਪਣੇ ਕੰਮ ਤੋਂ ਭੱਜਦੇ ਹਨ। ਸਥਾਨਕ ਮਾਡਲ ਹਾਊਸ ਤੇ ਦਿਓਲ ਨਗਰ ਦੇ ਇਲਾਕੇ ’ਚ ਕਈ ਥਾਵਾਂ ’ਤੇ ਅਜਿਹੀਆਂ ਵੇਲਾਂ ਫੈਲੀਆਂ ਹੋਈਆਂ ਹਨ, ਜਿਸ ਕਰਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਇਨ੍ਹਾਂ ਇਲਾਕੇ ਦੇ ਲੋਕਾਂ ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਵਿਜੇ ਕੁਮਾਰ, ਰਾਜੇਸ਼ ਕੁਮਾਰ, ਤਿਲਕ ਰਾਜ, ਰੌਬਿਨ, ਪ੍ਰਤਾਪ ਸਿੰਘ ਆਦਿ ਨੇ ਦੱਸਿਆ ਕਿ ਦਿਓਲ ਨਗਰ ਅਤੇ ਮਾਡਲ ਹਾਊਸ ’ਚ ਕਈ ਥਾਵਾਂ ’ਤੇ ਅਜਿਹੀਆਂ ਜੰਗਲੀ ਬੂਟੀ ਦੀਆਂ ਵੇਲਾਂ ਫੈਲੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ, ਜਿਸ ਕਰਕੇ ਆਏ ਦਿਨ ਬਿਜਲੀ ਦੇ ਫਾਲਟ ਪੈਂਦੇ ਹਨ ਤੇ ਇਸ ਦੀ ਪਰੇਸ਼ਾਨੀ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਲੋਕਾਂ ਨੇ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਇਨ੍ਹਾਂ ਦੀ ਕਟਾਈ ਕਰਵਾਈ ਜਾਵੇ ਤਾਂ ਕਿਸੇ ਵੀ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਵਿਭਾਗ ਦੇ ਜੇ.ਈ ਪੰਕਜ ਰਾਜਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਮਚਾਰੀ ਹਰ ਰੋਜ਼ ਕਾਫੀ ਸਮਾਂ ਇਸ ਕੰਮ ਵੀ ਵੀ ਲਗਾਉਂਦੇ ਹਨ ਪਰ ਬਰਸਾਤੀ ਮੌਸਮ ’ਚ ਇਹ ਵੇਲਾਂ ਕਾਫੀ ਛੇਤੀ ਵਧ ਜਾਂਦੀਆਂ ਹਨ ਪਰ ਜਿੱਥੇ ਵੀ ਪਤਾ ਲੱਗਦਾ ਹੈ ਉੱਥੋਂ ਉਸੇ ਵੇਲੇ ਇਨ੍ਹਾਂ ਦੀ ਕਟਾਈ ਕਰਵਾ ਦਿੱਤੀ ਜਾਂਦੀ ਹੈ ਤਾਂ ਕਿ ਇਨ੍ਹਾਂ ਕਰਕੇ ਬਿਜਲੀ ਦੀ ਕੋਈ ਵੀ ਖ਼ਰਾਬੀ ਨਾ ਹੋਵੇ।