ਬਿਜਲੀ ਦੀਆਂ ਤਾਰਾਂ ’ਤੇ ਚੜ੍ਹੀਆਂ ਵੇਲਾਂ ਬਣ ਸਕਦੀਆਂ ਹਨ ਵੱਡੇ ਹਾਦਸੇ ਦਾ ਕਾਰਨ ਬਿਜਲੀ ਦੀਆਂ ਤਾਰਾਂ ’ਤੇ ਚੜ੍ਹੀਆਂ ਵੇਲਾਂ ਬਣ ਸਕਦੀਆਂ ਹਨ ਵੱਡੇ ਹਾਦਸੇ ਦਾ ਕਾਰਨ
Publish Date: Mon, 31 Aug 2026 07:07 PM (IST)
Updated Date: Mon, 31 Aug 2026 07:10 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਹਰ ਰੋਜ਼ ਬਿਜਲੀ ਦੀ ਖ਼ਰਾਬੀ ਕਰਕੇ ਬਿਜਲੀ ਗੁੱਲ ਹੋ ਜਾਂਦੀ ਹੈ। ਇਸ ਬਿਜਲੀ ਦੀ ਖ਼ਰਾਬੀ ਕਰਕੇ ਵਿਭਾਗ ਦੇ ਉਹ ਕਰਮਚਾਰੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ, ਜੋ ਆਪਣੀ ਹੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਅ ਰਹੇ ਹਨ, ਜਿਹੜਾ ਕੰਮ ਜਿਸ ਦੇ ਹਿੱਸੇ ਹੈ ਉਹ ਕਰਮਚਾਰੀ ਆਪਣਾ ਕੰਮ ਜ਼ਿੰਮੇਵਾਰੀ ਨਹੀਂ ਕਰ ਰਿਹਾ ਹੈ। ਇਸ ਕਰਕੇ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਖਾਲੀ ਪਲਾਟਾਂ ’ਚ ਉੱਗੀ ਜੰਗਲੀ ਬੂਟੀ ਤੇ ਵੇਲਾਂ ਬਿਜਲੀ ਦੀਆਂ ਤਾਰਾਂ ’ਤੇ ਚੜ੍ਹਦੀਆਂ ਜਾ ਰਹੀਆਂ ਹਨ, ਜਿਸ ਕਰਕੇ ਮੀਂਹ ਹਨੇਰੀ ਆਉਣ ’ਤੇ ਇਹੀ ਵੇਲਾਂ ਬਿਜਲੀ ਦੀ ਖ਼ਰਾਬੀ ਦਾ ਕਾਰਨ ਬਣਦੀਆਂ ਹਨ। ਵਿਭਾਗ ਵੱਲੋਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਵਾਲੇ ਦਰਖਤਾਂ ਦੀਆਂ ਵਾਧੂ ਟਹਿਣੀਆਂ ਤੇ ਅਜਿਹੀਆਂ ਵੇਲਾਂ ਨੂੰ ਕੱਟਣ ਲਈ ਕਰਮਚਾਰੀ ਹਨ ਪਰ ਜਦੋਂ ਤੱਕ ਕੋਈ ਸ਼ਿਕਾਇਤ ਨਾ ਹੋਵੇ ਉਹ ਆਪਣੇ ਕੰਮ ਤੋਂ ਦੂਰ ਭੱਜਦੇ ਹਨ। ਸਥਾਨਕ ਮਾਡਲ ਹਾਊਸ ਤੇ ਦਿਓਲ ਨਗਰ ਏਕਤਾ ਗੈਸ ਏਜੰਸੀ ਦੇ ਨਾਲ ਤੇ ਹੋਰ ਇਲਾਕਿਆਂ ’ਚ ਕਈ ਥਾਵਾਂ ’ਤੇ ਅਜਿਹੀਆਂ ਵੇਲਾਂ ਫੈਲੀਆਂ ਹੋਈਆਂ ਹਨ ਜੋ ਕਿ ਹੌਲੀ ਹੌਲੀ ਫੈਲ ਕੇ ਬਿਜਲੀ ਦੀਆਂ ਤਾਰਾਂ ’ਤੇ ਚੜ੍ਹ ਗਈਆਂ ਹਨ, ਜਿਸ ਕਰਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਇਨ੍ਹਾਂ ਇਲਾਕੇ ਵਾਸੀਆਂ ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਵਿਜੇ ਕੁਮਾਰ, ਰਾਜੇਸ਼ ਕੁਮਾਰ, ਤਿਲਕ ਰਾਜ, ਰੌਬਿਨ, ਪ੍ਰਤਾਪ ਸਿੰਘ ਆਦਿ ਨੇ ਦੱਸਿਆ ਕਿ ਦਿਓਲ ਨਗਰ ਅਤੇ ਮਾਡਲ ਹਾਊਸ ’ਚ ਕਈ ਥਾਵਾਂ ’ਤੇ ਅਜਿਹੀਆਂ ਜੰਗਲੀ ਬੂਟੀ ਦੀਆਂ ਵੇਲਾਂ ਫੈਲੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ। ਲੋਕਾਂ ਨੇ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਇਨ੍ਹਾਂ ਦੀ ਕਟਾਈ ਕਰਵਾਈ ਜਾਵੇ ਤਾਂ ਕਿਸੇ ਵੀ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਵਿਭਾਗ ਦੇ ਜੇਈ ਪੰਕਜ ਰਾਜਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਹਰ ਰੋਜ਼ ਕਾਫੀ ਸਮਾਂ ਇਸ ਕੰਮ ਵੀ ਵੀ ਲਗਾਉਂਦੇ ਹਨ ਪਰ ਬਰਸਾਤੀ ਮੌਸਮ ’ਚ ਇਹ ਵੇਲਾਂ ਕਾਫੀ ਛੇਤੀ ਵਧ ਜਾਂਦੀਆਂ ਹਨ ਪਰ ਜਿੱਥੇ ਵੀ ਪਤਾ ਲੱਗਦਾ ਹੈ ਉੱਥੋਂ ਉਸੇ ਵੇਲੇ ਇਨ੍ਹਾਂ ਦੀ ਕਟਾਈ ਕਰਵਾ ਦਿੱਤੀ ਜਾਂਦੀ ਹੈ ਤਾਂ ਕਿ ਇਨ੍ਹਾਂ ਕਰਕੇ ਬਿਜਲੀ ਦੀ ਕੋਈ ਵੀ ਖ਼ਰਾਬੀ ਨਾ ਹੋਵੇ।