- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਤੋਂ ਵਿਧਾਨ ਸਭਾ ਦੀ ਦਾਅਵੇਦਾਰੀ ਤੱਕ, ਧੀਰ ਦਾ ਸਿਆਸੀ ਇਮਤਿਹਾਨ!

ਮੇਅਰ ਤੋਂ ਵਿਧਾਨ ਸਭਾ ਦੀ ਦਾਅਵੇਦਾਰੀ ਤੱਕ, ਧੀਰ ਦਾ ਸਿਆਸੀ ਇਮਤਿਹਾਨ!
-2027 ਦੀਆਂ ਚੋਣਾਂ ਤੋਂ ਪਹਿਲਾਂ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਬਣੇਗਾ ਅਹਿਮ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਨੀਤ ਧੀਰ ਦਾ ਨਾਮ ਚਰਚਾ ਵਿੱਚ ਸੀ, ਜਿਨ੍ਹਾਂ ਨੂੰ ਨਾਰਥ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਸੀਟ ਦੇ ਕੇ ਨਿਵਾਜਿਆ ਹੈ। ਸ਼ਹਿਰ ਦੇ ਮੇਅਰ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਨਾਰਥ ਹਲਕਾ ਇੰਚਾਰਜ ਵਜੋਂ ਉਨ੍ਹਾਂ ਨੂੰ ਪਾਰਟੀ ਨੇ ਅਹਿਮ ਜ਼ਿੰਮੇਵਾਰੀ ਸੌਪੀ ਹੈ। ਮੇਅਰ ਦੀ ਕੁਰਸੀ ਤੋਂ ਵਿਧਾਨ ਸਭਾ ਤੱਕ ਪੁੱਜਣ ਦੀ ਉਨ੍ਹਾਂ ਦੀ ਇੱਛਾ ਸਾਹਮਣੇ ਹੈ ਪਰ ਇਸ ਰਾਹ ਵਿੱਚ ਸਭ ਤੋਂ ਵੱਡੀ ਪ੍ਰੀਖਿਆ ਨਗਰ ਨਿਗਮ ਦੀ ਕਾਰਗੁਜ਼ਾਰੀ ਹੋਵੇਗੀ।
----------------------------
ਕਾਰੋਬਾਰੀ ਤੋਂ ਸਿਆਸੀ ਆਗੂ ਬਣਨ ਤੱਕ
ਵਨੀਤ ਧੀਰ ਪਿਛਲੇ ਕਰੀਬ 25 ਸਾਲਾਂ ਤੋਂ ਜਲੰਧਰ ਵਿੱਚ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦਾ ਕੰਮ ਵਾਲਪੇਪਰ, ਹੋਮ ਡੈਕੋਰ, ਸਾਈਨੇਜ ਮੈਨੂਫੈਕਚਰਿੰਗ ਅਤੇ ਏਸੀਸੀ ਐਡਹੈਸਿਵਜ਼ ਦੀ ਸੀਐਂਡਐੱਫ ਏਜੰਸੀ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਵਿਨੋਦ ਕੇ. ਧੀਰ ਲੁਧਿਆਣਾ ਦੇ ਆਰੀਆ ਕਾਲਜ ਵਿੱਚ ਵਾਈਸ ਪ੍ਰਿੰਸੀਪਲ ਰਹਿ ਚੁੱਕੇ ਹਨ। ਵਨੀਤ ਧੀਰ ਨੇ ਵੀ ਇਸੇ ਕਾਲਜ ਤੋਂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ ਅਤੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ।
---------------------
ਪਾਰਟੀਆਂ ਬਦਲਣ ਤੋਂ ਬਾਅਦ ਮੇਅਰ ਦੀ ਕੁਰਸੀ
ਵਨੀਤ ਧੀਰ ਪਹਿਲਾਂ ਭਾਜਪਾ ਨਾਲ ਜੁੜੇ ਰਹੇ ਅਤੇ ਆਰਐੱਸਐੱਸ ’ਚ ਵੀ ਸਰਗਰਮ ਰਹੇ। ਬਾਅਦ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਰ ਮਾਰਚ 2024 ਵਿੱਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਭਾਜਪਾ ’ਚ ਚਲੇ ਗਏ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੁੜ ‘ਆਪ’ ’ਚ ਵਾਪਸੀ ਕੀਤੀ। ਦਸੰਬਰ 2024 ਵਿਚ ਵਾਰਡ ਨੰਬਰ 62 ਤੋਂ ਚੋਣ ਲੜ ਕੇ 3596 ਵੋਟਾਂ ਦੇ ਫ਼ਰਕ ਨਾਲ ਜਿੱਤਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 11 ਜਨਵਰੀ 2025 ਨੂੰ ਜਲੰਧਰ ਦਾ ਮੇਅਰ ਬਣਾ ਦਿੱਤਾ। ਉਹ ਸ਼ਹਿਰ ਦੇ ਸੱਤਵੇਂ ਮੇਅਰ ਤੇ ‘ਆਪ’ ਦੇ ਪਹਿਲੇ ਮੇਅਰ ਬਣੇ। ਉਨ੍ਹਾਂ ਦੀ ਪਤਨੀ ਸ਼ਵੇਤਾ ਧੀਰ ਵੀ ਭਾਜਪਾ ਦੀ ਟਿਕਟ ’ਤੇ ਕੌਂਸਲਰ ਰਹਿ ਚੁੱਕੇ ਹਨ।
------------------------
ਵਿਕਾਸ ਦੇ ਐਲਾਨ ਪਰ ਜ਼ਮੀਨੀ ਹਕੀਕਤ
ਜਨਵਰੀ 2026 ’ਚ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਮੇਅਰ ਨੇ ਸਪੋਰਟਸ ਹੱਬ, ਕੂੜੇ ਦੇ ਨਿਪਟਾਰੇ ਲਈ ਬਾਇਓ ਮਾਈਨਿੰਗ ਪ੍ਰੋਜੈਕਟ, 1196 ਸਫ਼ਾਈ ਕਰਮਚਾਰੀਆਂ ਦੀ ਭਰਤੀ ਅਤੇ 42 ਕਰੋੜ ਰੁਪਏ ਦੀ ਮਸ਼ੀਨਰੀ ਖਰੀਦਣ ਵਰਗੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਸੀ। ਮੁੱਖ ਚੌਕਾਂ ਦੀ ਸੁੰਦਰਤਾ ਅਤੇ ਕਰੀਬ 10 ਕਰੋੜ ਰੁਪਏ ਨਾਲ ਟ੍ਰੈਫਿਕ ਲਾਈਟਾਂ ਨੂੰ ਡਿਜੀਟਲ ਸਿਸਟਮ ਨਾਲ ਜੋੜਨ ਦਾ ਐਲਾਨ ਵੀ ਕੀਤਾ ਗਿਆ ਸੀ। ਦੂਜੇ ਪਾਸੇ ਸੜਕਾਂ ਦੀ ਮਾੜੀ ਹਾਲਤ, ਸਰਫੇਸ ਵਾਟਰ ਪ੍ਰੋਜੈਕਟ ਦੀ ਹੌਲੀ ਰਫ਼ਤਾਰ, ਸੀਵਰੇਜ ਜਾਮ ਅਤੇ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਉਨ੍ਹਾਂ ਦੇ ਕਾਰਜਕਾਲ ’ਤੇ ਸਵਾਲ ਖੜ੍ਹੇ ਕਰਦੀਆਂ ਹਨ। 31 ਮਾਰਚ 2026 ਦੀ ਜਨਰਲ ਹਾਊਸ ਮੀਟਿੰਗ ’ਚ ਕੌਂਸਲਰਾਂ ਨੇ ਦੂਸ਼ਿਤ ਪਾਣੀ, ਬੰਦ ਸਟਰੀਟ ਲਾਈਟਾਂ ਤੇ ਟਿਊਬਵੈੱਲਾਂ ਦੀ ਮੁਰੰਮਤ ’ਚ ਦੇਰੀ ਦਾ ਮੁੱਦਾ ਉਠਾਇਆ ਸੀ। ਠੇਕੇਦਾਰਾਂ ਵੱਲੋਂ ਕੰਮ ਅਧੂਰਾ ਛੱਡਣ ਦੀਆਂ ਸ਼ਿਕਾਇਤਾਂ ਵੀ ਆਈਆਂ ਸਨ। ਮੇਅਰ ਨੇ ਜਵਾਬ ਵਿੱਚ ਕਿਹਾ ਸੀ ਕਿ ਲਾਪਰਵਾਹ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ।
--------------------------
24 ਕਰੋੜ ਦੇ ਫੰਡਾਂ ਨੇ ਖੜ੍ਹਾ ਕੀਤਾ ਵਿਵਾਦ
ਨਵੰਬਰ 2026 ਵਿੱਚ ਨਗਰ ਨਿਗਮ ਦੇ 52 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਿਚੋਂ 24 ਕਰੋੜ ਜਲੰਧਰ ਨਾਰਥ ਲਈ ਰੱਖਣ ਦੀ ਤਜਵੀਜ਼ ਵਿਵਾਦਾਂ ’ਚ ਆ ਗਈ। ਇਸ ਵਿਚ 8 ਕਰੋੜ ਰੁਪਏ ਸੀਵਰੇਜ ਦੀ ਸਫ਼ਾਈ ਤੇ ਮੁਰੰਮਤ ਲਈ ਰੱਖੇ ਜਾਣੇ ਸਨ। ਇਸ ਦੇ ਮੁਕਾਬਲੇ ਜਲੰਧਰ ਕੈਂਟ ਲਈ 19 ਕਰੋੜ, ਵੈਸਟ ਲਈ 5.64 ਕਰੋੜ ਤੇ ਸੈਂਟਰਲ ਲਈ ਸਿਰਫ਼ 3.5 ਕਰੋੜ ਰੁਪਏ ਦੀ ਤਜਵੀਜ਼ ਸੀ। ਕਾਂਗਰਸੀ ਕੌਂਸਲਰ ਜਸਲੀਨ ਸੇਠੀ ਨੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਮੇਅਰ ਪੂਰੇ ਸ਼ਹਿਰ ਦਾ ਹੁੰਦਾ ਹੈ, ਕਿਸੇ ਇਕ ਹਲਕੇ ਦਾ ਨਹੀਂ। ਇਸ ਮਾਮਲੇ ਨੇ ਵਿਕਾਸ ਫੰਡਾਂ ਦੀ ਵੰਡ ਨੂੰ ਲੈ ਕੇ ਸਿਆਸੀ ਸਵਾਲ ਖੜ੍ਹੇ ਕੀਤੇ ਸਨ।
-----------------------
ਨਾਰਥ ਦੀ ਕਮਾਨ ਮਿਲੀ, ਹੁਣ ਚੋਣੀ ਇਮਤਿਹਾਨ
29 ਜੁਲਾਈ 2026 ਨੂੰ ‘ਆਪ’ ਨੇ ਵਨੀਤ ਧੀਰ ਨੂੰ ਜਲੰਧਰ ਨਾਰਥ ਦਾ ਹਲਕਾ ਇੰਚਾਰਜ ਨਿਯੁਕਤ ਕਰਕੇ ਦਿਨੇਸ਼ ਢੱਲ ਦੀ ਥਾਂ ਜ਼ਿੰਮੇਵਾਰੀ ਸੌਂਪੀ। ਢੱਲ ਕਰੀਬ ਸਾਢੇ ਚਾਰ ਸਾਲ ਇਸ ਅਹੁਦੇ ’ਤੇ ਰਹੇ ਸਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਸਥਾਨ ’ਤੇ ਰਹੇ। ਨਾਰਥ ਹਲਕੇ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕ ਅਵਤਾਰ ਸਿੰਘ ਜੂਨੀਅਰ (ਬਾਵਾ ਹੈਨਰੀ) ਤੇ ਭਾਜਪਾ ਦੇ ਪੁਰਾਣੇ ਆਗੂ ਵੀ ਉਨ੍ਹਾਂ ਲਈ ਚੁਣੌਤੀ ਬਣ ਸਕਦੇ ਹਨ। ਅਜਿਹੇ ’ਚ ਹਲਕਾ ਇੰਚਾਰਜ ਦੀ ਨਵੀਂ ਜ਼ਿੰਮੇਵਾਰੀ ਉਨ੍ਹਾਂ ਦੀ ਸਿਆਸੀ ਸਮਰੱਥਾ ਦੀ ਵੀ ਪ੍ਰੀਖਿਆ ਹੋਵੇਗੀ।
--------------------
ਮੇਅਰ ਦਾ ਰਿਪੋਰਟ ਕਾਰਡ ਹੀ ਬਣੇਗਾ ਚੋਣ ਆਧਾਰ!
ਵਨੀਤ ਧੀਰ ਦਾ ਸਿਆਸੀ ਸਫ਼ਰ ਕਾਰੋਬਾਰੀ ਤੋਂ ਕੌਂਸਲਰ ਤੇ ਫਿਰ ਮੇਅਰ ਤੱਕ ਪਹੁੰਚਿਆ ਹੈ। ਹੁਣ ਵਿਧਾਨ ਸਭਾ ਦੀ ਦਾਅਵੇਦਾਰੀ ਲਈ ਉਨ੍ਹਾਂ ਨੂੰ ਆਪਣੇ ਕਾਰਜਕਾਲ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਪਵੇਗਾ। ਸੜਕਾਂ, ਸੀਵਰੇਜ, ਪਾਣੀ, ਸਫ਼ਾਈ ਅਤੇ ਵਿਕਾਸ ਪ੍ਰੋਜੈਕਟਾਂ ਦੀ ਅਸਲ ਸਥਿਤੀ ਹੀ ਤੈਅ ਕਰੇਗੀ ਕਿ ਉਹ ਮੇਅਰ ਵਜੋਂ ਲੋਕਾਂ ਦੀਆਂ ਉਮੀਦਾਂ ’ਤੇ ਕਿੰਨੇ ਖਰ੍ਹੇ ਉਤਰੇ ਹਨ।