ਸੋਢਲ ਮੇਲੇ ਦੀ ਕਸੌਟੀ ’ਤੇ ਵਿਨੀਤ ਧੀਰ, ਪ੍ਰਬੰਧਾਂ ਨਾਲ ਤੈਅ ਹੋ ਸਕਦਾ ਸਿਆਸੀ ਕੱਦ! ਸੋਢਲ ਮੇਲੇ ਦੀ ਕਸੌਟੀ ’ਤੇ ਵਿਨੀਤ ਧੀਰ, ਪ੍ਰਬੰਧਾਂ ਨਾਲ ਤੈਅ ਹੋ ਸਕਦਾ ਸਿਆਸੀ ਕੱਦ!
Publish Date: Thu, 17 Sep 2026 07:47 PM (IST)
Updated Date: Thu, 17 Sep 2026 07:50 PM (IST)
-ਵੱਡੇ-ਵੱਡੇ ਟੋਏ ਬਣ ਸਕਦੇ ਹਨ ਸ਼ਰਧਾਲੂਆਂ ਦੀਆਂ ‘ਲੱਤਾਂ ਦੇ ਦੁਸ਼ਮਣ’ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਇਸ ਵਾਰ ਵਿਨੀਤ ਧੀਰ ਲਈ ਸਿਰਫ਼ ਪ੍ਰਸ਼ਾਸਨਿਕ ਚੁਣੌਤੀ ਨਹੀਂ, ਸਗੋਂ ਸਿਆਸੀ ਅਗਨੀਪਰੀਖਿਆ ਵੀ ਬਣਨ ਜਾ ਰਿਹਾ ਹੈ। ਮੇਅਰ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਧੀਰ ਲਈ ਮੇਲੇ ਦੇ ਪ੍ਰਬੰਧ ਉਨ੍ਹਾਂ ਦੀ ਕਾਰਜਸ਼ੈਲੀ ਦਾ ਸਿੱਧਾ ਇਮਤਿਹਾਨ ਹੋਣਗੇ। ਸੜਕਾਂ ਦੀ ਬਦਹਾਲੀ ਤੋਂ ਲੈ ਕੇ ਸ਼ਰਧਾਲੂਆਂ ਦੀਆਂ ਸਹੂਲਤਾਂ ਤੱਕ ਹਰ ਕਮੀ ’ਤੇ ਨਜ਼ਰ ਰਹੇਗੀ। ਵਧੀਆ ਪ੍ਰਬੰਧ ਜਿੱਥੇ ਉਨ੍ਹਾਂ ਦੀ ਸਿਆਸੀ ਪਕੜ ਮਜ਼ਬੂਤ ਕਰ ਸਕਦੇ ਹਨ, ਉੱਥੇ ਛੋਟੀ ਜਿਹੀ ਉਕਾਈ ਵੀ ਵਿਰੋਧੀਆਂ ਨੂੰ ਸਵਾਲ ਖੜ੍ਹੇ ਕਰਨ ਦਾ ਮੌਕਾ ਦੇ ਸਕਦੀ ਹੈ। --------------------- ਟੁੱਟੀਆਂ ਸੜਕਾਂ ਨੇ ਵਧਾਈ ਚਿੰਤਾ ਮੇਲੇ ਦੀਆਂ ਤਿਆਰੀਆਂ ਦਰਮਿਆਨ ਪ੍ਰਸ਼ਾਸਨ ਵੱਲੋਂ ਕਈ ਇਲਾਕਿਆਂ ’ਚ ਸੜਕਾਂ ਦੀ ਮੁਰੰਮਤ ਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਕਰਵਾਇਆ ਗਿਆ ਹੈ। ਇਸ ਦੇ ਬਾਵਜੂਦ ਕੁਝ ਪ੍ਰਮੁੱਖ ਰਸਤੇ ਅਜੇ ਵੀ ਬਦਹਾਲ ਹਨ। ਮੰਨੀ ਢਾਬੇ ਤੋਂ ਫੋਕਲ ਪੁਆਇੰਟ ਚੌਕ ਤੇ ਸਰਕਾਰੀ ਗਰਲਜ਼ ਸਕੂਲ ਦੇ ਸਾਹਮਣੇ ਸਬਜ਼ੀ ਮੰਡੀ ਵਾਲੀ ਸੜਕ ’ਤੇ ਬਣੇ ਵੱਡੇ-ਵੱਡੇ ਟੋਏ ਲੋਕਾਂ ਲਈ ਪਰੇਸ਼ਾਨੀ ਬਣੇ ਹੋਏ ਹਨ। ਮੇਲੇ ਦੌਰਾਨ ਜਦੋਂ ਇਨ੍ਹਾਂ ਰਸਤਿਆਂ ’ਤੇ ਸ਼ਰਧਾਲੂਆਂ ਤੇ ਵਾਹਨਾਂ ਦੀ ਆਵਾਜਾਈ ਵਧੇਗੀ ਤਾਂ ਇਹੀ ਟੋਏ ਵੱਡੀ ਮੁਸੀਬਤ ਬਣ ਸਕਦੇ ਹਨ। ਖਾਸ ਕਰਕੇ ਪੈਦਲ ਚੱਲਣ ਵਾਲੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਲਈ ਇਨ੍ਹਾਂ ’ਚ ਡਿੱਗਣ ਦਾ ਖਤਰਾ ਬਣਿਆ ਰਹੇਗਾ। ------------------ ਮੰਨੀ ਢਾਬੇ ਤੋਂ ਫੋਕਲ ਪੁਆਇੰਟ ਚੌਕ ਤੱਕ ਮੰਨੀ ਢਾਬੇ ਤੋਂ ਫੋਕਲ ਪੁਆਇੰਟ ਚੌਕ ਵੱਲ ਜਾਣ ਵਾਲੀ ਸੜਕ ’ਤੇ ਥਾਂ-ਥਾਂ ਟੁੱਟੀ ਨਜ਼ਰ ਆ ਰਹੀ ਹੈ। ਵਾਹਨ ਚਾਲਕ ਇਨ੍ਹਾਂ ਟੋਇਆਂ ਤੋਂ ਬਚ ਕੇ ਲੰਘਣ ਲਈ ਮਜਬੂਰ ਹਨ। ਦੋਪਹੀਆ ਵਾਹਨ ਚਾਲਕਾਂ ਲਈ ਖਤਰਾ ਹੋਰ ਵੀ ਜ਼ਿਆਦਾ ਹੈ। ਮੇਲੇ ਦੌਰਾਨ ਆਵਾਜਾਈ ਦਾ ਦਬਾਅ ਵਧਣ ’ਤੇ ਸੜਕ ਦੀ ਇਹ ਹਾਲਤ ਜਾਮ ਦੇ ਨਾਲ-ਨਾਲ ਹਾਦਸਿਆਂ ਦੀ ਸੰਭਾਵਨਾ ਵੀ ਵਧਾ ਸਕਦੀ ਹੈ। ਇਸੇ ਤਰ੍ਹਾਂ ਸਰਕਾਰੀ ਗਰਲਜ਼ ਸਕੂਲ ਦੇ ਸਾਹਮਣੇ ਤੋਂ ਸਬਜ਼ੀ ਮੰਡੀ ਵੱਲ ਜਾਣ ਵਾਲੀ ਸੜਕ ਵੀ ਪੂਰੀ ਤਰ੍ਹਾਂ ਦਰੁਸਤ ਨਹੀਂ ਹੋਈ। ਇਸ ਰਸਤੇ ’ਤੇ ਰੋਜ਼ਾਨਾ ਵੱਡੀ ਗਿਣਤੀ ’ਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਤੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਭੀੜ ਵਧਣ ਦੀ ਸੰਭਾਵਨਾ ਹੈ। ਅਜਿਹੇ ’ਚ ਪ੍ਰਸ਼ਾਸਨ ਲਈ ਇਸ ਸੜਕ ਨੂੰ ਸਮੇਂ ਸਿਰ ਠੀਕ ਕਰਵਾਉਣਾ ਜ਼ਰੂਰੀ ਹੋਵੇਗਾ। ------------------------- ਮੇਲੇ ਤੋਂ ਪਹਿਲਾਂ ਸਾਰੇ ਰਸਤੇ ਕਿਉਂ ਨਹੀਂ ਹੋਏ ਦਰੁਸਤ ਪ੍ਰਸ਼ਾਸਨ ਵੱਲੋਂ ਮੇਲੇ ਨੂੰ ਲੈ ਕੇ ਤਿਆਰੀਆਂ ਤੇਜ਼ ਕਰਨ ਤੇ ਸੜਕਾਂ ਨੂੰ ਸੁਧਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ’ਚ ਅਜੇ ਵੀ ਕੁਝ ਪ੍ਰਮੁੱਖ ਰਸਤਿਆਂ ਦੀ ਤਸਵੀਰ ਵੱਖਰੀ ਨਜ਼ਰ ਆ ਰਹੀ ਹੈ। ਮੇਲੇ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਅਜਿਹੇ ’ਚ ਟੁੱਟੀਆਂ ਸੜਕਾਂ ਸਿਰਫ਼ ਆਵਾਜਾਈ ਦੀ ਸਮੱਸਿਆ ਨਹੀਂ, ਸਗੋਂ ਸੁਰੱਖਿਆ ਦਾ ਵੀ ਸਵਾਲ ਹਨ। ਹੁਣ ਨਜ਼ਰ ਇਸ ਗੱਲ ’ਤੇ ਹੈ ਕਿ ਪ੍ਰਸ਼ਾਸਨ ਮੇਲੇ ਤੋਂ ਪਹਿਲਾਂ ਇਨ੍ਹਾਂ ਸੜਕਾਂ ਨੂੰ ਦਰੁਸਤ ਕਰਵਾ ਪਾਉਂਦਾ ਹੈ ਜਾਂ ਨਹੀਂ।