- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਆਖਰੀ ਦਿਨ ਪ੍ਰਸ਼ਨ ਕਾਲ ਦੌਰਾਨ ਹਲਕਾ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਹਲਕੇ ਦੇ ਬੁਨਿਆਦੀ ਮਸਲਿਆਂ ਅਤੇ ਜਨਹਿੱਤ ਦੇ ਅਹਿਮ ਮੁੱਦਿਆਂ ਨੂੰ ਬੇਹੱਦ ਗੰਭੀਰਤਾ ਤੇ ਜ਼ੋਰ-ਸ਼ੋਰ ਨਾਲ ਚੁੱਕਦਿਆਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਤਿੱਖੇ ਨਿਸ਼ਾਨੇ ਸਾਧੇ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਆਖਰੀ ਦਿਨ ਪ੍ਰਸ਼ਨ ਕਾਲ ਦੌਰਾਨ ਹਲਕਾ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਹਲਕੇ ਦੇ ਬੁਨਿਆਦੀ ਮਸਲਿਆਂ ਅਤੇ ਜਨਹਿੱਤ ਦੇ ਅਹਿਮ ਮੁੱਦਿਆਂ ਨੂੰ ਬੇਹੱਦ ਗੰਭੀਰਤਾ ਤੇ ਜ਼ੋਰ-ਸ਼ੋਰ ਨਾਲ ਚੁੱਕਦਿਆਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਤਿੱਖੇ ਨਿਸ਼ਾਨੇ ਸਾਧੇ। ਵਿਧਾਇਕ ਚੌਧਰੀ ਨੇ ਸੂਬੇ ਵਿੱਚ ਮੁੱਢਲੀਆਂ ਸਹੂਲਤਾਂ ਦੀ ਖਸਤਾ ਹਾਲਤ ਅਤੇ ਪ੍ਰਸ਼ਾਸਨਿਕ ਢਿੱਲਮੱਠ ਨੂੰ ਲੈ ਕੇ ਸਰਕਾਰ ਨੂੰ ਸਦਨ ਵਿੱਚ ਕਟਹਿਰੇ ਵਿੱਚ ਖੜ੍ਹਾ ਕੀਤਾ।
ਸਿਰਫ਼ ਕੰਕਰੀਟ ਦੀਆਂ ਇਮਾਰਤਾਂ ਖੜ੍ਹੀਆਂ ਕਰਨਾ ਵਿਕਾਸ ਨਹੀਂ ਸਦਨ ਵਿੱਚ ਬੋਲਦਿਆਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸੂਬਾ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਤੇ ਤਨਜ਼ ਕੱਸਦਿਆਂ ਕਿਹਾ ਕਿ ਸੂਬੇ ਵਿੱਚ ਸਕੂਲ ਤਾਂ ਹਨ ਪਰ ਅਧਿਆਪਕ ਨਹੀਂ ਹਨ, ਹਸਪਤਾਲ ਤਾਂ ਬਣਾ ਦਿੱਤੇ ਗਏ ਹਨ ਪਰ ਉੱਥੇ ਡਾਕਟਰ ਮੌਜੂਦ ਨਹੀਂ ਹਨ। ਸਿਰਫ਼ ਕੰਕਰੀਟ ਦੀਆਂ ਇਮਾਰਤਾਂ ਖੜ੍ਹੀਆਂ ਕਰ ਦੇਣ ਨਾਲ ਲੋਕਾਂ ਨੂੰ ਸੁਵਿਧਾਵਾਂ ਨਹੀਂ ਮਿਲ ਜਾਂਦੀਆਂ, ਜਦੋਂ ਤੱਕ ਉਨ੍ਹਾਂ ਵਿੱਚ ਲੋੜੀਂਦਾ ਸਟਾਫ਼ ਅਤੇ ਜ਼ਰੂਰੀ ਸਿਹਤ ਤੇ ਸਿੱਖਿਆ ਸੇਵਾਵਾਂ ਉਪਲਬਧ ਨਾ ਹੋਣ। ਇਹਨਾਂ ਸਹੂਲਤਾਂ ਤੇ ਜਨਤਾ ਦਾ ਬੁਨਿਆਦੀ ਹੱਕ ਹੈ। ਵਿਧਾਨ ਸਭਾ ਵਿੱਚ ਜਦੋਂ ਉਨ੍ਹਾਂ ਨੇ ਸਿੱਖਿਆ ਵਿਵਸਥਾ ਨਾਲ ਜੁੜੇ ਗੰਭੀਰ ਸਵਾਲ ਪੁੱਛੇ ਤਾਂ ਸਿੱਖਿਆ ਮੰਤਰੀ ਕੋਈ ਵੀ ਸੰਤੋਖਜਨਕ ਜਾਂ ਠੋਸ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਰਹੇ, ਜੋ ਕਿ ਸਰਕਾਰ ਦੀ ਗੰਭੀਰਤਾ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਸ ਨੂੰ ਵਿਧਾਇਕ ਨੇ ਗੰਭੀਰਤਾ ਨਾਲ ਲਿਆ।
ਫਾਇਰ ਸਟੇਸ਼ਨ ਦੀ ਉਸਾਰੀ 'ਚ 4 ਸਾਲਾਂ ਦੀ ਦੇਰੀ 'ਤੇ ਜਤਾਈ ਚਿੰਤਾ ਫਿਲੌਰ ਸ਼ਹਿਰ ਦੀ ਸੁਰੱਖਿਆ ਨਾਲ ਜੁੜੇ ਪ੍ਰਮੁੱਖ ਮੁੱਦੇ 'ਤੇ ਚਰਚਾ ਕਰਦਿਆਂ ਵਿਧਾਇਕ ਚੌਧਰੀ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਫਿਲੌਰ ਲਈ ਫਾਇਰ ਬ੍ਰਿਗੇਡ ਦੀ ਮਨਜ਼ੂਰੀ ਦਿੱਤੀ ਗਈ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਲਗਭਗ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਗਰ ਕੌਂਸਲ ਅਜੇ ਤੱਕ ਫਾਇਰ ਸਟੇਸ਼ਨ ਦੀ ਇਮਾਰਤ ਤੱਕ ਤਿਆਰ ਨਹੀਂ ਕਰ ਸਕੀ। ਫਾਇਰ ਸਟੇਸ਼ਨ ਦੀ ਘਾਟ ਕਾਰਨ ਕਿਸੇ ਵੀ ਸੰਭਾਵੀ ਅੱਗਜ਼ਨੀ ਦੀ ਘਟਨਾ ਸਮੇਂ ਸ਼ਹਿਰ ਵਾਸੀਆਂ ਨੂੰ ਭਾਰੀ ਖ਼ਤਰੇ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਿਲੌਰ ਬੱਸ ਸਟੈਂਡ ਨੂੰ ਐੱਨਐੱਚਏਆਈ ਨਾਲ ਜੋੜਨ ਦੀ ਅਪੀਲ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਧਾਇਕ ਚੌਧਰੀ ਨੇ ਮੰਗ ਕੀਤੀ ਕਿ ਫਿਲੌਰ ਬੱਸ ਸਟੈਂਡ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਨ ਲਈ ਢੁਕਵੇਂ 'ਐਂਟਰੀ ਅਤੇ ਐਗਜ਼ਿਟ ਪੁਆਇੰਟ' ਤਿਆਰ ਕੀਤੇ ਜਾਣ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਤੁਰੰਤ ਇੱਕ ਠੋਸ ਪ੍ਰਸਤਾਵ ਤਿਆਰ ਕਰਕੇ ਭਾਰਤ ਸਰਕਾਰ ਦੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਭੇਜਿਆ ਜਾਵੇ, ਤਾਂ ਜੋ ਆਮ ਜਨਤਾ ਨੂੰ ਰੋਜ਼ਾਨਾ ਦੇ ਜਾਮ ਅਤੇ ਆਵਾਜਾਈ ਦੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।
ਸਮਾਂਬੱਧ ਹੱਲ ਦੀ ਮੰਗ ਤੇ ਚਿਤਾਵਨੀ ਸੈਸ਼ਨ ਵਿਚ ਆਪਣੀ ਚਰਚਾ ਦੇ ਅੰਤ ਵਿੱਚ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸਪੱਸ਼ਟ ਕੀਤਾ ਕਿ ਫਿਲੌਰ ਦੀ ਜਨਤਾ ਹੁਣ ਖੋਖਲੇ ਐਲਾਨਾਂ ਅਤੇ ਕੋਰੇ ਦਾਅਵਿਆਂ ਤੋਂ ਅੱਕ ਚੁੱਕੀ ਹੈ। ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਅਤੇ ਸਮੇਂ ਸਿਰ ਹੱਲ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫਿਲੌਰ ਦੇ ਸਕੂਲਾਂ 'ਚ ਅਧਿਆਪਕਾਂ, ਹਸਪਤਾਲਾਂ 'ਚ ਡਾਕਟਰਾਂ ਦੀ ਤਾਇਨਾਤੀ, ਫਾਇਰ ਸਟੇਸ਼ਨ ਦੇ ਨਿਰਮਾਣ ਅਤੇ ਬੱਸ ਸਟੈਂਡ ਦੇ ਲਿੰਕ ਪ੍ਰਸਤਾਵ 'ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਹ ਹਲਕਾ ਵਾਸੀਆਂ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਸਦਨ ਤੱਕ ਆਵਾਜ਼ ਬੁਲੰਦ ਕਰਦੇ ਰਹਿਣਗੇ।