- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਤ ਤੋਂ ਨਹੀਂ, ਸਿਸਟਮ ਤੋਂ ਹਾਰੇ ਵਿਜੈ, ਹੁਣ ਇਨ੍ਹਾਂ ਟੋਇਆਂ ਵਿੱਚ ਡਿੱਗ ਕੇ ਕੌਣ ਮਰੇਗਾ?

ਜਾਸ, ਜਲੰਧਰ : ਲੰਮਾ ਪਿੰਡ ਚੌਕ ਨੇੜੇ ਸਰਵਿਸ ਲੇਨ ਦੇ ਟੋਇਆਂ ’ਚ ਭਰੇ ਪਾਣੀ ਵਿਚ ਡਿੱਗਣ ਕਾਰਨ ਮੰਗਲਵਾਰ ਸ਼ਾਮ ਕਰੀਬ 8 ਵਜੇ 68 ਸਾਲਾ ਬਜ਼ੁਰਗ ਵਿਜੈ ਮਹਿੰਦਰੂ ਦੀ ਜਾਨ ਚਲੀ ਗਈ। ਇਕ ਦਿਨ ਬਾਅਦ ਵੀ ਸਿਸਟਮ ਨੂੰ ਕੋਈ ਫ਼ਰਕ ਨਹੀਂ ਪਿਆ। 24 ਘੰਟੇ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਹਰਕਤ ’ਚ ਨਹੀਂ ਆਇਆ।
ਵਿਜੈ ਮਹਿੰਦਰੂ ਦੀ ਜਾਨ ਸਿਰਫ਼ ਪਾਣੀ ਨਾਲ ਭਰੀ ਸਰਵਿਸ ਲੇਨ ਦੇ ਟੋਇਆਂ ਨੇ ਨਹੀਂ ਲਈ, ਸਗੋਂ ਉਹ ਇਕ ਗ਼ੈਰ-ਸੰਵੇਦਨਸ਼ੀਲ ਸਿਸਟਮ ਅੱਗੇ ਆਪਣੀ ਜਾਨ ਹਾਰ ਗਏ। ਬੁੱਧਵਾਰ ਨੂੰ ਵੀ ਉਸੇ ਥਾਂ ’ਤੇ ਕੋਈ ਬਦਲਾਅ ਨਹੀਂ ਹੋਇਆ, ਜਿੱਥੇ ਇੱਕ ਬਜ਼ੁਰਗ ਦੀ ਜਾਨ ਚਲੀ ਗਈ ਸੀ। ਸਵਾਲ ਅਜੇ ਵੀ ਉਹੀ ਹੈ ਕਿ ਹੁਣ ਇਨ੍ਹਾਂ ਪਾਣੀ ਨਾਲ ਭਰੇ ਟੋਇਆਂ ਵਿੱਚ ਡਿੱਗ ਕੇ ਕਿਸ ਦੀ ਜਾਨ ਜਾਵੇਗੀ? ਬਸਤੀ ਦਾਨਿਸ਼ਮੰਦਾ ਦੀ ਰਾਮ ਸ਼ਰਨਮ ਕਾਲੋਨੀ ਵਾਸੀ ਵਿਜੈ ਕੁਮਾਰ ਮਹਿੰਦਰੂ ਇੰਡਸਟਰੀਅਲ ਅਸਟੇਟ ਸਥਿਤ ਫੈਕਟਰੀ ਤੋਂ ਕੰਮ ਕਰ ਕੇ ਘਰ ਵੱਲ ਜਾ ਰਹੇ ਸਨ। ਫੈਕਟਰੀ ਤੋਂ ਕੁਝ ਦੂਰ ਹੀ ਜਦੋਂ ਉਹ ਐਕਟਿਵਾ ’ਤੇ ਲੰਮਾ ਪਿੰਡ ਚੌਕ ਤੋਂ ਕਿਸ਼ਨਪੁਰਾ ਰੋਡ ਵੱਲ ਜਾਣ ਲਈ ਚੌਕ ਪਾਰ ਕਰਨ ਲੱਗੇ ਤਾਂ ਸਰਵਿਸ ਲੇਨ ਵਿੱਚ ਭਰੇ ਪਾਣੀ ਕਾਰਨ ਮੋੜ ਲੈਂਦੇ ਸਮੇਂ ਉਨ੍ਹਾਂ ਦੀ ਐਕਟਿਵਾ ਖ਼ਰਾਬ ਹੋਈ ਡ੍ਰੇਨ ਦੇ ਕਿਨਾਰੇ ਨਾਲ ਅਟਕ ਗਈ ਅਤੇ ਉਹ ਡ੍ਰੇਨ ਵਿੱਚ ਡਿੱਗ ਪਏ। ਹਾਈਵੇ ਦੀ ਸਰਵਿਸ ਲੇਨ ’ਤੇ ਪਾਣੀ ਇੰਨਾ ਜ਼ਿਆਦਾ ਭਰਿਆ ਹੋਇਆ ਸੀ ਕਿ ਇਹ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਸੜਕ ’ਤੇ ਡ੍ਰੇਨ ਕਿੱਥੇ ਹੈ। ਨੈਸ਼ਨਲ ਹਾਈਵੇ ਅਥਾਰਟੀ ਦੀ ਡ੍ਰੇਨ ਨੂੰ ਸਲੈਬ ਨਾਲ ਢਕਿਆ ਹੋਣਾ ਚਾਹੀਦਾ ਹੈ, ਪਰ ਕਈ ਸਲੈਬ ਗਾਇਬ ਹਨ। ਇਹੀ ਲਾਪਰਵਾਹੀ ਜਾਨਲੇਵਾ ਸਾਬਤ ਹੋਈ। ਇਸ ਘਟਨਾ ਨੂੰ 24 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਪ੍ਰਸ਼ਾਸਨ ਅਜੇ ਤੱਕ ਹਰਕਤ ਵਿੱਚ ਨਹੀਂ ਆਇਆ। ਪੁਲਿਸ-ਪ੍ਰਸ਼ਾਸਨ ਨੂੰ ਇੱਕ ਬਜ਼ੁਰਗ ਦੀ ਜਾਨ ਜਾਣ ਤੋਂ ਬਾਅਦ ਵੀ ਇਸ ਦੀ ਜਾਣਕਾਰੀ ਨਹੀਂ ਹੈ। ਅਜਿਹੇ ਵਿੱਚ ਸਵਾਲ ਹੈ ਕਿ ਕੀ ਪ੍ਰਸ਼ਾਸਨ ਸਰਵਿਸ ਲੇਨ ਦੀਆਂ ਖੁੱਲ੍ਹੀਆਂ ਡ੍ਰੇਨਾਂ ਅਤੇ ਟੋਇਆਂ ਕਾਰਨ ਹੋਰ ਕਿੰਨੇ ਲੋਕਾਂ ਦੀ ਜਾਨ ਜਾਣ ਦੀ ਉਡੀਕ ਕਰੇਗਾ?
---
ਹਾਲੇ ਵੀ ਕਈ ਥਾਵਾਂ ’ਤੇ ਭਰਿਆ ਪਾਣੀ, ਡ੍ਰੇਨ ਨੂੰ ਨਹੀਂ ਕੀਤਾ ਜਾ ਰਿਹਾ ਕਵਰ
ਇਸ ਹਾਦਸੇ ਤੋਂ 24 ਘੰਟਿਆਂ ਬਾਅਦ ਵੀ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ’ਤੇ ਜਮ੍ਹਾਂ ਹੋਏ ਪਾਣੀ ਅਤੇ ਟੋਇਆਂ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਭ ਤੋਂ ਮਾੜੀ ਹਾਲਤ ਲੰਮਾ ਪਿੰਡ ਚੌਕ, ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਅਤੇ ਫੋਕਲ ਪੁਆਇੰਟ ਨੇੜੇ ਹੈ। ਇੱਥੇ ਪਾਣੀ ਕੁਝ ਘੱਟ ਹੋਇਆ ਹੈ, ਪਰ ਅਜੇ ਵੀ ਸੜਕਾਂ ’ਤੇ ਪਾਣੀ ਖੜ੍ਹਾ ਹੈ ਅਤੇ ਆਵਾਜਾਈ ਸੁਰੱਖਿਅਤ ਨਹੀਂ ਹੈ। ਲੰਮਾ ਪਿੰਡ ਚੌਕ ਦੀ ਗੱਲ ਕਰੀਏ ਤਾਂ ਪਾਣੀ ਦੀ ਨਿਕਾਸੀ ਹੁਣ ਸ਼ੁਰੂ ਹੋ ਗਈ ਹੈ, ਪਰ ਹਾਦਸੇ ਦਾ ਕਾਰਨ ਬਣੀ ਖੁੱਲ੍ਹੀ ਡ੍ਰੇਨ ਨੂੰ ਅਜੇ ਤੱਕ ਕਵਰ ਕਰਨ ਲਈ ਐੱਨਐੱਚਏਆਈ ਦੀ ਟੀਮ ਸਰਗਰਮ ਨਹੀਂ ਹੋਈ।
ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ ਤੱਕ ਦੋਵਾਂ ਪਾਸਿਆਂ ਦੀ ਸਰਵਿਸ ਲੇਨ ’ਤੇ ਅਜੇ ਵੀ ਪਾਣੀ ਖੜ੍ਹਾ ਹੈ। ਇਹੀ ਹਾਲ ਫੋਕਲ ਪੁਆਇੰਟ ਤੱਕ ਹੈ। ਲੰਮਾ ਪਿੰਡ ਚੌਕ ਨੇੜੇ ਕੁਝ ਮਸ਼ੀਨਰੀ ਜ਼ਰੂਰ ਲਗਾਈ ਗਈ ਹੈ ਅਤੇ ਸੜਕ ਦੀ ਮੁਰੰਮਤ ਲਈ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ।
---
ਐੱਨਐੱਚਏਆਈ ਅਧਿਕਾਰੀਆਂ ਦੀ ਲਾਪਰਵਾਹੀ ’ਤੇ ਕੇਂਦਰੀ ਮੰਤਰੀ ਨੂੰ ਲਿਖਣਗੇ ਪੱਤਰ
ਮੇਅਰ ਵਨੀਤ ਧੀਰ ਨੇ ਐੱਨਐੱਚਏਆਈ ਅਧਿਕਾਰੀਆਂ ਦੀ ਲਾਪਰਵਾਹੀ ਸਬੰਧੀ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਐੱਨਐੱਚਏਆਈ ਦੇ ਚੇਅਰਮੈਨ ਨੂੰ ਪੱਤਰ ਲਿਖਣ ਦਾ ਫ਼ੈਸਲਾ ਵੀ ਕੀਤਾ ਹੈ। ਮੇਅਰ ਨੇ ਕਿਹਾ ਕਿ ਅਧਿਕਾਰੀ ਪੂਰੇ ਮਾਮਲੇ ਨੂੰ ਲੈ ਕੇ ਲਾਪਰਵਾਹ ਹਨ ਤੇ ਸਥਿਤੀ ਵਿੱਚ ਸੁਧਾਰ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕ ਰਹੇ। ਪੱਤਰ ਵਿੱਚ ਸਰਵਿਸ ਲੇਨ ਵਿੱਚ ਭਰੇ ਪਾਣੀ, ਟੋਇਆਂ ਅਤੇ ਸਫ਼ਾਈ ਦੀ ਘਾਟ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਮੇਅਰ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਬਰਸਾਤ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਕਰਨ।