- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਲ ਹਾਊਸ ’ਚ ਦਿਖਿਆ ਵਰਿੰਦਾਵਨ ਦਾ ਨਜ਼ਾਰਾ, ਨੌਕਾ ਵਿਹਾਰ ਦੇ ਦਰਸ਼ਨਾਂ ਲਈ ਉਮੜੇ ਸ਼ਰਧਾਲੂ

ਸ਼ਹਿਰ ’ਚ ਪਹਿਲੀ ਵਾਰ ਹੋਇਆ ਭਵਿਆ ਨੌਕਾ ਵਿਹਾਰ ਉਤਸਵ
ਘਰੋਂ ਠਾਕੁਰ ਜੀ ਨੂੰ ਨਾਲ ਲੈ ਕੇ ਰਸਿਕਜਨ ਵੀ ਉਤਸਵ ’ਚ ਹੋਏ ਸ਼ਾਮਲ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜਲੰਧਰ:
ਮਾਡਲ ਹਾਊਸ ਇਲਾਕੇ ਵਿੱਚ ਐਤਵਾਰ ਦਾ ਦਿਨ ਭਗਤੀ ਅਤੇ ਆਧਿਆਤਮਿਕਤਾ ਨਾਲ ਭਰਪੂਰ ਰਿਹਾ। ਗਰਮੀ ਅਤੇ ਉਮਸ ਦੇ ਬਾਵਜੂਦ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਨੌਕਾ ਵਿਹਾਰ ਉਤਸਵ ਦੇ ਦਰਸ਼ਨਾਂ ਲਈ ਪਹੁੰਚੇ। ਇੱਕ ਪਾਸੇ ਸੰਤ ਸਮਾਜ ਦਾ ਮੰਚ ਸਜਿਆ ਹੋਇਆ ਸੀ, ਜਦਕਿ ਦੂਜੇ ਪਾਸੇ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ ਦੀ ਨੌਕਾ ਵਿਹਾਰ ਝਾਂਕੀ ਦੇ ਦਰਸ਼ਨ ਕਰਵਾਏ ਜਾ ਰਹੇ ਸਨ। ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਦੀ ਪ੍ਰਬੰਧਕ ਕਮੇਟੀ ਵੱਲੋਂ ਮਾਡਲ ਹਾਊਸ ਦਸਹਿਰਾ ਗਰਾਊਂਡ ਵਿੱਚ ਸ਼ਹਿਰ ਦਾ ਪਹਿਲਾ ਭਵਿਆ ਨੌਕਾ ਵਿਹਾਰ ਉਤਸਵ ਕਰਵਾਇਆ ਗਿਆ। ਇਸ ਦੌਰਾਨ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ ਦੀ ਦਿਵਿਆ ਨੌਕਾ ਵਿਹਾਰ ਝਾਂਕੀ ਸਜਾਈ ਗਈ ਅਤੇ ਵਰਿੰਦਾਵਨ ਵਰਗਾ ਆਧਿਆਤਮਿਕ ਮਾਹੌਲ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਉਤਸਵ ਦੌਰਾਨ ਠਾਕੁਰ ਜੀ ਨੂੰ ਛੱਪਣ ਭੋਗ ਲਗਾਇਆ ਗਿਆ। ਸ਼ਰਧਾਲੂਆਂ ਲਈ ਮੈਦਾਨ ਦੇ ਚਾਰੋਂ ਪਾਸੇ 56 ਤਰ੍ਹਾਂ ਦੇ ਪ੍ਰਸਾਦ ਦੇ ਸਟਾਲ ਲਗਾਏ ਗਏ। ਇਸ ਮੌਕੇ ਇਸਕਾਨ ਮੰਦਰ ਦਿਲਬਾਗ ਨਗਰ ਦੇ ਮੈਂਬਰਾਂ ਵੱਲੋਂ ਸ਼੍ਰੀ ਹਰਿ ਨਾਮ ਸੰਕੀਰਤਨ ਕੀਤਾ ਗਿਆ, ਜਿਸ ’ਤੇ ਸ਼ਰਧਾਲੂ ਭਗਤੀ ਵਿੱਚ ਝੂਮਦੇ ਨਜ਼ਰ ਆਏ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਝਾਂਕੀਆਂ ਵੀ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਮਹਾਮੰਡਲੇਸ਼ਵਰ 1008 ਮਹੰਤ ਬੰਸੀ ਦਾਸ ਨੇ ਕਿਹਾ ਕਿ ਵਰਿੰਦਾਵਨ ਅਤੇ ਬ੍ਰਜ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਨੌਕਾ ਵਿਹਾਰ ਲੀਲ੍ਹਾ ਦਾ ਸ਼ਾਸਤਰਾਂ ਵਿੱਚ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ‘ਆਪ’ ਆਗੂ ਚੰਦਨ ਗਰੇਵਾਲ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਜ਼ਿਲ੍ਹੇ ਭਰ ਤੋਂ ਰਸਿਕਜਨ ਸ਼ਾਮਲ ਹੋਏ। ਦਿਨੇਸ਼ ਸ਼ਰਮਾ ਨੇ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ਨੌਕਾ ਵਿਹਾਰ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਪਵਿੱਤਰ ਉਤਸਵ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਸੁਭਾਗ ਦੀ ਗੱਲ ਹੈ। ਘਰੋਂ ਠਾਕੁਰ ਜੀ ਨੂੰ ਨਾਲ ਲੈ ਕੇ ਪਹੁੰਚੇ ਸ਼ਰਧਾਲੂ ਨੌਕਾ ਵਿਹਾਰ ਉਤਸਵ ਦੀ ਇੱਕ ਵਿਸ਼ੇਸ਼ ਗੱਲ ਇਹ ਰਹੀ ਕਿ ਕਈ ਸ਼ਰਧਾਲੂ ਆਪਣੇ ਘਰਾਂ ਤੋਂ ਠਾਕੁਰ ਜੀ ਨੂੰ ਨਾਲ ਲੈ ਕੇ ਸਮਾਗਮ ਵਿੱਚ ਪਹੁੰਚੇ। ਸੰਕੀਰਤਨ ਦੌਰਾਨ ਸ਼ਰਧਾਲੂ ਠਾਕੁਰ ਜੀ ਨੂੰ ਨਾਲ ਲੈ ਕੇ ਭਗਤੀ ਵਿੱਚ ਝੂਮਦੇ ਰਹੇ। ਅੰਤ ਵਿੱਚ ਆਰਤੀ ਅਤੇ ਪੂਜਾ ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਗਿਆ।