ਐੱਸਜੀਪੀਸੀ ਪ੍ਰਧਾਨ ਧਾਮੀ ਦੀ ਚੁੱਪੀ ਵੱਡੀ ਸਾਜਿਸ਼ : ਫਗਵਾੜਾ ਬੱਜਰ ਕੁਕਰਮ ਸਬੰਧੀ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਨੇ ਪ੍ਰਧਾਨ ਧਾਮੀਂ ਦੀ ਚੁੱਪ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ
Publish Date: Tue, 22 Sep 2026 09:19 PM (IST)
Updated Date: Tue, 22 Sep 2026 09:21 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੋਂ ਜਲੰਧਰ ’ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਇਕ ਮਹੀਨਾ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਜਬਰ-ਜਨਾਹ ਦੇ ਦੋਸ਼ਾਂ ਤਹਿਤ ਐੱਫ਼. ਆਈ. ਆਰ. ਹੋਈ ਸੀ, ਜਿਸ ਚ ਇਕ ਔਰਤ ਦੇ ਕਥਿਤ ਬਿਆਨ ਅਨੁਸਾਰ ਉਸ ਤੇ ਹੋਏ ਕੁਕਰਮਾਂ ਬਾਬਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੁਨੇਹਾ ਦੇਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਸੀ। ਆਗੂਆਂ ਨੇ ਕਿਹਾ ਕਿ ਐੱਫ. ਆਈ. ਆਰ. ਰਾਹੀਂ ਲੱਗੇ ਇਨ੍ਹਾਂ ਕਥਿਤ ਇਲਜ਼ਾਮਾਂ ਮਗਰੋਂ ਇਕ ਮਹੀਨਾਂ ਬੀਤ ਜਾਣ ਤੇ ਵੀ ਪ੍ਰਧਾਨ ਧਾਮੀ ਚੁੱਪ ਕਿਉਂ ਹਨ। ਅਲਾਇੰਸ ਆਗੂ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾਅ, ਜਰਨੈਲ ਸਿੰਘ ਗੜ੍ਹਦੀਵਾਲ, ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਹੋਰਾਂ ਨੇ ਕਿਹਾ ਕਿ ਉਹ ਇਸ ਸਾਜਿਸ਼ਾਨਾ ਵਰਤਾਰੇ ਖ਼ਿਲਾਫ਼ ਸੰਘਰਸ਼ ਕਰਨਗੇ, ਜਿਸ ਦੇ ਪਹਿਲੇ ਪੜਾਅ ਵਜੋਂ 24 ਸਤੰਬਰ ਨੂੰ ਇਕ 51 ਮੈਂਬਰੀ ਸਿੱਖ ਜਥਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਘਟਨਾਕ੍ਰਮ ਬਾਬਤ ਪੰਜ ਸਵਾਲ ਪੁੱਛਣ ਉਨ੍ਹਾਂ ਦੇ ਜੱਦੀ ਘਰ ਹੁਸ਼ਿਆਰਪੁਰ ਵਿਖੇ ਜਾਵੇਗਾ ਅਤੇ ਇਸ ਘਟਨਾ ਦੌਰਾਨ ਸਾਬਤ ਹੋਈ ਪ੍ਰਬੰਧਕੀ ਨਾਕਾਮੀ ਲਈ ਉਹਨਾਂ ਦੇ ਅਸਤੀਫੇ ਦੀ ਮੰਗ ਕਰੇਗਾ ਅਤੇ ਸਿੰਘ ਸਾਹਿਬਾਨਾ ਦੇ ਘਰ ਜਾ ਵੀ ਸਵਾਲ ਕੀਤੇ ਜਾਣਗੇ। ਇਸ ਮੌਕੇ ਪਰਦੀਪ ਸਿੰਘ ਪੱਟੀ, ਅਮਰਜੀਤ ਸਿੰਘ ਕਿਸ਼ਨਪੁਰਾ,ਪਰਮਿੰਦਰ ਸਿੰਘ ਲੁਧਿਆਣਾ, ਸਿੱਖ ਤਾਲਮੇਲ ਕਮੇਟੀ ਤੋਂ ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ, ਗੁਰਸਾਹਿਬ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ ਫਗਵਾੜਾ, ਜਗਪ੍ਰੀਤ ਸਿੰਘ ਫਗਵਾੜਾ, ਹਰਜੀਤ ਸਿੰਘ ਲੁਧਿਆਣਾ, ਵਿਆਹ ਦੀ ਗੁਰਦੀਪ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।