- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਲ ਹਾਊਸ ’ਚ ਸ਼ਰਾਬ ਦੀ ਦੁਕਾਨ ਨੂੰ ਲੈ ਕੇ ਹੰਗਾਮਾ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਦੇ ਅੰਦਰ ਸਥਿਤ ਮਾਡਲ ਹਾਊਸ ਇਲਾਕੇ ’ਚ ਇਕ ਸ਼ਰਾਬ ਦੀ ਦੁਕਾਨ ਸਬੰਧੀ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਸਥਾਨਕ ਨਿਵਾਸੀਆਂ ਨੇ ਇਸ ਦੁਕਾਨ ਦੇ ਵਿਰੁੱਧ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਰਵਾਜ਼ੇ 'ਤੇ ਪੁੱਜ ਗਿਆ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਦੁਕਾਨ ਨੂੰ ਇਸ ਦੇ ਪਿਛਲੇ ਲਾਇਸੈਂਸ ਦੀ ਮਿਆਦ ਪੁੱਗਣ ਤੋਂ ਬਾਅਦ 31 ਮਾਰਚ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਸੀ, ਹਾਲਾਂਕਿ ਨਿਯਮਾਂ ਦੀ ਘੋਰ ਅਣਦੇਖੀ ਕਰਦੇ ਹੋਏ ਇਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਸਖ਼ਤ ਰੋਸ ਪ੍ਰਗਟ ਕਰਦੇ ਹੋਏ ਸਥਾਨਕ ਨਿਵਾਸੀ ਰਾਕੇਸ਼ ਤੇ ਸੁਦੇਸ਼ ਭਗਤ ਨੇ ਕਿਹਾ ਕਿ ਇਹ ਦੁਕਾਨ ਨਾ ਸਿਰਫ਼ ਸੰਘਣੀ ਆਬਾਦੀ ਵਾਲੇ ਖੇਤਰ ਵਿਚਾਲੇ ਸਥਿਤ ਹੈ, ਸਗੋਂ ਇਕ ਮੰਦਰ ਨੇੜੇ ਵੀ ਹੈ, ਜਿਸ ਕਾਰਨ ਸ਼ਰਧਾਲੂਆਂ ਅਤੇ ਔਰਤਾਂ ਨੂੰ ਭਾਰੀ ਅਸੁਵਿਧਾ ਹੋ ਰਹੀ ਹੈ। ਵਸਨੀਕਾਂ ਦਾ ਦਾਅਵਾ ਹੈ ਕਿ ਸ਼ਰਾਬ ਦੀ ਦੁਕਾਨ ਦੀ ਮੌਜੂਦਗੀ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਦੀ ਲਗਾਤਾਰ ਭੀੜ ਦਾ ਕਾਰਨ ਬਣਦੀ ਹੈ, ਜਿਸ ਨਾਲ ਸਥਾਨਕ ਮਾਹੌਲ ਖਰਾਬ ਹੋ ਰਿਹਾ ਹੈ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਕੋਈ ਜਵਾਬ ਜਾਂ ਨਿਵਾਰਣ ਨਾ ਮਿਲਣ ਕਰਕੇ ਉਨ੍ਹਾਂ ਨੇ ਹੁਣ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਇਸ ਮਾਮਲੇ ਵਿਚ ਦਖਲ ਦੇਵੇਗੀ ਅਤੇ ਇਸ ਰਿਹਾਇਸ਼ੀ ਇਲਾਕੇ ’ਚੋਂ ਸ਼ਰਾਬ ਦੀ ਦੁਕਾਨ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰੇਗੀ। ਜੇ ਪ੍ਰਸ਼ਾਸਨ ਇਸ ਦੁਕਾਨ ਨੂੰ ਜਲਦੀ ਬੰਦ ਕਰਨਾ ਯਕੀਨੀ ਨਹੀਂ ਬਣਾਉਂਦਾ ਤਾਂ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕਰਨ ਲਈ ਮਜਬੂਰ ਹੋਵਾਂਗੇ। ਪ੍ਰਦਰਸ਼ਨਕਾਰੀਆਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇ ਸ਼ਰਾਬ ਦੀ ਦੁਕਾਨ ਨੂੰ ਤੁਰੰਤ ਤਬਦੀਲ ਜਾਂ ਬੰਦ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਲਾਕੇ ’ਚ ਤਣਾਅਪੂਰਨ ਸਥਿਤੀ ਹੈ ਕਿਉਂਕਿ ਵਸਨੀਕ ਆਪਣੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਲਈ ਰਣਨੀਤੀਆਂ ਬਣਾਉਣ ਲਈ ਇਕਜੁਟ ਹਨ।