ਜਾਤੀਸੂਚਕ ਟਿੱਪਣੀਆਂ ਕਾਰਨ ਹੰਗਾਮਾ, ਧਰਨੇ ਕਾਰਨ ਲੱਗਾ ਭਾਰੀ ਜਾਮ ਜਾਤੀਸੂਚਕ ਟਿੱਪਣੀਆਂ ਨੂੰ ਲੈ ਕੇ ਹੰਗਾਮਾ, ਧਰਨੇ ਕਾਰਨ ਲੱਗਿਆ ਭਾਰੀ ਜਾਮ
Publish Date: Thu, 19 Nov 2026 09:56 PM (IST)
Updated Date: Thu, 19 Nov 2026 09:57 PM (IST)
-ਸਮਝੌਤੇ ਲਈ ਹੋਈ ਗੱਲਬਾਤ ਫੇਲ੍ਹ ਰਹਿਣ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰੇ -ਏਡੀਸੀਪੀ ਮਾਧਵੀ ਸ਼ਰਮਾ ਨੇ ਦੋਵਾਂ ਧਿਰਾਂ ਨੂੰ ਸ਼ਾਮਲ ਕਰਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਵੀਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਚੌਕ ’ਤੇ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਤੇ ਪਿਸਤੌਲ ਦਿਖਾਉਣ ਦੇ ਦੋਸ਼ ਸਾਹਮਣੇ ਆਏ। ਐੱਸਸੀ ਭਾਈਚਾਰੇ ਦੇ ਮੈਂਬਰਾਂ ਤੇ ਪਰਵਾਸੀ ਵਸਨੀਕਾਂ ਨੇ ਚੌਕ ’ਤੇ ਧਰਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨਾਲ ਸੜਕ ਦੇ ਦੋਵਾਂ ਪਾਸਿਆਂ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਹ ਘਟਨਾ ਬੈਂਕ ਕਾਲੋਨੀ ਸਥਿਤ ਬੂਟਾਂ ਦੀ ਫੈਕਟਰੀ ਦੇ ਮਾਲਕ ਵਰੁਣ ਮਹਾਜਨ ਤੇ ਪ੍ਰਣਵ ਚੌਧਰੀ ਵਿਚਾਲੇ ਹੋਏ ਵਿਵਾਦ ਤੋਂ ਸ਼ੁਰੂ ਹੋਈ। ਦੋਸ਼ ਹੈ ਕਿ ਵਰੁਣ ਮਹਾਜਨ ਨੇ ਪ੍ਰਣਵ ਚੌਧਰੀ ਖ਼ਿਲਾਫ਼ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਲਾਇਸੰਸਸ਼ੁਦਾ ਪਿਸਤੌਲ ਵੀ ਦਿਖਾਇਆ। ਵਿਵਾਦ ਨੂੰ ਸੁਲਝਾਉਣ ਲਈ ਬੁੱਧਵਾਰ ਨੂੰ ਸਮਝੌਤਾ ਮੀਟਿੰਗ ਰੱਖੀ ਗਈ ਸੀ ਪਰ ਇਕ ਧਿਰ ਨੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵੀਰਵਾਰ ਨੂੰ ਇਹ ਪ੍ਰਦਰਸ਼ਨ ਹੋਇਆ। ਧਰਨੇ ਦੌਰਾਨ ਸਥਿਤੀ ਉਸ ਸਮੇਂ ਹੋਰ ਤਣਾਅਪੂਰਨ ਹੋ ਗਈ ਜਦੋਂ ਇਕ ਨਾਬਾਲਗ, ਜੋ ਟਿਫਿਨ ਪਹੁੰਚਾਉਣ ਜਾ ਰਿਹਾ ਸੀ, ਭੀੜ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਨ ਲੱਗਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕ ਉਸ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਘਟਨਾ ਬਾਰੇ ਪੁੱਛੇ ਜਾਣ ਤੇ ਕਥਿਤ ਤੌਰ ਤੇ ਕੋਈ ਟਿੱਪਣੀ ਕਰ ਦਿੱਤੀ। ਇਸ ਗੱਲ ਤੋਂ ਕੁਝ ਪਰਵਾਸੀ ਪ੍ਰਦਰਸ਼ਨਕਾਰੀ ਭੜਕ ਗਏ ਤੇ ਉਨ੍ਹਾਂ ਦੀ ਨਾਬਾਲਗ ਨਾਲ ਝੜਪ ਹੋ ਗਈ। ਮੌਕੇ ਤੇ ਮੌਜੂਦ ਪੁਲਿਸ ਅਤੇ ਸਥਾਨਕ ਆਗੂਆਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ ਅਤੇ ਨਾਬਾਲਗ ਨੂੰ ਉੱਥੋਂ ਸੁਰੱਖਿਅਤ ਜਾਣ ਦਿੱਤਾ। --- ਨਾਬਾਲਗ ਦੀ ਟਿੱਪਣੀ ਕਾਰਨ ਭੜਕੇ ਪ੍ਰਦਰਸ਼ਨਕਾਰੀ ਇਸ ਦੌਰਾਨ ਪਰਵਾਸੀ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਹਾਲਾਂਕਿ ਉਹ ਨਾਬਾਲਗ ਲਈ ਰਸਤਾ ਬਣਾ ਰਹੇ ਸਨ ਪਰ ਉਸ ਨੇ ਕੋਈ ਟਿੱਪਣੀ ਕਰਕੇ ਭੜਕਾਇਆ। ਮੌਕੇ ਤੇ ਮੌਜੂਦ ਆਗੂਆਂ ਨੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਣ ਦੀ ਅਪੀਲ ਕੀਤੀ। ਅਯੂਬ ਖਾਨ ਨੇ ਦੋਸ਼ ਲਾਇਆ ਕਿ ਸ਼ੂ ਮੰਡੀ ਦੇ ਮੁਖੀ ਰਵਿੰਦਰ ਚੌਧਰੀ ਤੇ ਉਨ੍ਹਾਂ ਦੇ ਪੁੱਤਰ ਖਿਲਾਫ ਵੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਸ ਮਾਮਲੇ ਸਬੰਧੀ ਪੁਲਿਸ ਥਾਣੇ ਪਹੁੰਚੇ, ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀ ਦੇ ਹਥਿਆਰਾਂ ਦੇ ਲਾਇਸੰਸ ਸਬੰਧੀ ਢੁਕਵੇਂ ਕਦਮ ਚੁੱਕੇ ਜਾਣਗੇ। --- ਛੇ ਦਿਨ ਪਹਿਲਾਂ ਹੋਇਆ ਸੀ ਵਿਵਾਦ : ਏਡੀਸੀਪੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਲਗਭਗ ਛੇ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਕੋਈ ਵਿਵਾਦ ਹੋਇਆ ਸੀ। ਸਮਝੌਤਾ ਕਰਨ ਲਈ ਬੁੱਧਵਾਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਉਨ੍ਹਾਂ ਅੱਗੇ ਕਿਹਾ ਕਿ ਘਟਨਾ ਦੇ ਸਮੇਂ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਗਿਆ ਹੈ। ਸਬੰਧਤ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਕਾਰਵਾਈ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਹਾਲਾਂਕਿ, ਇਸ ਘਟਨਾ ਕਾਰਨ ਆਉਣ-ਜਾਣ ਵਾਲਿਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮੁੱਖ ਚੌਕ ਤੇ ਕਈ ਕਿੱਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਸੀ।