ਜਲੰਧਰ ਸੈਂਟਰਲ ’ਚ ਢਿੱਲਵਾਂ-ਤੱਲ੍ਹਣ ਸਾਹਿਬ ਰੋਡ ਸੜਕ ਨਿਰਮਾਣ ਦੌਰਾਨ ਹੰਗਾਮਾ ਜਲੰਧਰ ਸੈਂਟਰਲ 'ਚ ਢਿੱਲਵਾਂ-ਤੱਲ੍ਹਣ ਸਾਹਿਬ ਰੋਡ ਸੜਕ ਨਿਰਮਾਣ ਦੌਰਾਨ ਹੰਗਾਮਾ
Publish Date: Sun, 04 Oct 2026 08:55 PM (IST)
Updated Date: Sun, 04 Oct 2026 08:56 PM (IST)
300 ਟਰਾਲੀਆਂ ਮਿੱਟੀ ਗ਼ਾਇਬ ਕਰਨ ਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਤੇ ‘ਆਪ’ ਆਹਮੋ-ਸਾਹਮਣੇ, ਲੱਗਿਆ ਭਾਰੀ ਜਾਮ ਢਿੱਲਵਾਂ-ਤੱਲ੍ਹਣ ਰੋਡ ਬਣਾਉਣ ਲਈ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ 2 ਕਰੋੜ 36 ਲੱਖ ਦੀ ਗ੍ਰਾਂਟ ਕਰਵਾਈ ਗਈ ਹੈ ਪਾਸ ਲਵਦੀਪ ਬੈਂਸ, ਪੰਜਾਬੀ ਜਾਗਰਣ ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਸੈਂਟਰਲ ਦੇ ਅਧੀਨ ਪੈਂਦੇ ਵਾਰਡ ਨੰਬਰ 10 ਤੇ 11 ’ਤੇ ਪੈਂਦੀ ਢਿੱਲਵਾਂ-ਤੱਲ੍ਹਣ ਰੋਡ ’ਤੇ ਉਸ ਸਮੇਂ ਮਾਹੌਲ ਤਣਾਅਪੂਰਨ ਤੇ ਭਾਰੀ ਹੰਗਾਮਾ ਹੋ ਗਿਆ ਜਦੋਂ ਸੜਕ ਬਣਾਉਣ ਦਾ ਕੰਮ ਕਰਨ ਲੱਗਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਆਹਮੋ- ਸਾਮ੍ਹਣੇ ਹੋ ਗਏ। ਜ਼ਿਕਰਯੋਗ ਹੈ ਕਿ ਇਹ ਸੜਕ ਇਲਾਕੇ ਦੇ ਇਤਿਹਾਸਕ ਗੁਰੂ ਘਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਨੂੰ ਜਾਂਦੀ ਹੈ। ਲੱਧੇਵਾਲੀ ਚੌਕ ਤੋਂ ਢਿੱਲਵਾਂ ਰੇਲਵੇ ਫਾਟਕ ਤੱਕ 2 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਖੁਦਾਈ ਦੌਰਾਨ ਮਿੱਟੀ ਗਾਇਬ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ, ਜਿਸ ਕਾਰਨ ਇਲਾਕੇ ’ਚ ਭਾਰੀ ਹੰਗਾਮਾ ਹੋਇਆ ਤੇ ਤੱਲ੍ਹਣ ਸਾਹਿਬ ਰੋਡ ’ਤੇ ਲੰਮਾ ਜਾਮ ਦੇਖਣ ਨੂੰ ਮਿਲਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਸੱਤਾਧਾਰੀ ਧਿਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਇਸ ਸਬੰਧੀ ਗੱਲਬਾਤ ਕਰਦਿਆਂ ਮਨਦੀਪ ਕੁਮਾਰ ਜੱਸਲ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਤੱਲ੍ਹਣ ਸਾਹਿਬ ਨੂੰ ਜਾਂਦੀ ਹੈ ਤੇ ਇਹ ਸੜਕ ਸਾਬਕਾ ਵਿਧਾਇਕ ਰਜਿੰਦਰ ਬੇਰੀ ਵੱਲੋਂ ਪਾਸ ਕਰਵਾਈ ਗਈ ਸੀ। ਜੱਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਸੜਕ ਨਿਰਮਾਣ ਜਾਂ ਕਰਵਾਏ ਜਾ ਰਹੇ ਕਿਸੇ ਵੀ ਵਿਕਾਸ ਕਾਰਜ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਦੀ ਖੁਦਾਈ ਦੌਰਾਨ ਪੁੱਟੀ ਗਈ ਮਿੱਟੀ ਦੀਆਂ ਲਗਭਗ 300 ਟਰਾਲੀਆਂ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ (ਬਿੱਟੂ) ਵੱਲੋਂ ਨਿੱਜੀ ਡਿੱਚ ਮਸ਼ੀਨਾਂ ਤੇ ਟਰਾਲੀਆਂ ਦੀ ਵਰਤੋਂ ਕਰ ਕੇ ਬਲਬੀਰ ਸਿੰਘ ਬਿੱਟੂ ਦੀ ਆਪਣੀ ਨਿੱਜੀ ਕਾਲੋਨੀ ’ਚ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਦਾ ਉਹ ਤੇ ਉਨ੍ਹਾਂ ਦੇ ਸਾਥੀ ਕਾਂਗਰਸੀ ਆਗੂ ਇਲਾਕਾ ਵਾਸੀਆਂ ਨਾਲ ਮਿਲ ਕੇ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਥਿਤ ਘਪਲੇ ਦੇ ਵਿਰੋਧ ’ਚ ਹੀ ਆਗੂਆਂ ਤੇ ਸਮਰਥਕਾਂ ਵੱਲੋਂ ਸੜਕ ਦੇ ਵਿਚਕਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀਆਂ ਚੋਰੀਆਂ ਹੋਈਆਂ ਲਗਭਗ 300 ਟਰਾਲੀਆਂ ਦੀ ਜਾਂਚ ਕਰਵਾਈ ਜਾਵੇ ਤੇ ਸੜਕ ਨਿਰਮਾਣ ਲਈ ਪੁੱਟੀ ਜਾ ਰਹੀ ਮਿੱਟੀ ਨਿਰਮਾਣ ਕਾਰਜ ਦੇ ਨਜ਼ਦੀਕ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਸੜਕ ਨਿਰਮਾਣ ਦੌਰਾਨ ਮਿੱਟੀ ਚੋਰੀ ਦੀ ਕੋਈ ਹਰਕਤ ਸਾਹਮਣੇ ਆਉਂਦੀ ਹੈ ਤਾਂ ਮੁੜ ਇਸ ਚੋਰੀ ਦੇ ਖਿਲਾਫ ਡਟ ਕੇ ਸੰਘਰਸ਼ ਕਰਨਗੇ। ਦੂਜੇ ਪਾਸੇ, ਜਲੰਧਰ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਕੌਂਸਲਰ ਅਮਰਦੀਪ ਸੰਦਲ (ਕਿੰਨੂ), ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰੋਹਿਤ ਕੁਮਾਰ (ਵਿੱਕੀ ਤੁਲਸੀ) ਤੇ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਰੋਡ ਨੂੰ 60 ਫੁੱਟ ਚੌੜਾ ਬਣਾਉਣ ਦੀ ਮੰਗ ਇਲਾਕਾ ਨਿਵਾਸੀ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਰਕਾਰੀ ਖਜ਼ਾਨੇ ’ਚੋਂ 2 ਕਰੋੜ 36 ਲੱਖ ਰੁਪਏ ਮਨਜ਼ੂਰ ਕਰਵਾ ਕੇ ਕੰਮ ਜਲਦ ਸ਼ੁਰੂ ਕਰਵਾਇਆ ਹੈ। ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸੜਕ ਨੂੰ 60 ਫੁੱਟ ਖੁੱਲ੍ਹਾ ਕਰਨ ਤੇ ਆਸ-ਪਾਸ ਦੇ ਨਾਜਾਇਜ਼ ਕਬਜ਼ੇ ਹਟਾਉਣ ਕਾਰਨ ਬੌਖਲਾਈ ਕਾਂਗਰਸ ਪਾਰਟੀ ਦੇ ਕੁਝ ਮੋਹਤਬਰ ਆਗੂਆਂ ਨੇ ਵਿਕਾਸ ਕਾਰਜਾਂ ’ਚ ਅੜਿੱਕਾ ਡਾਹੁਣ ਲਈ ਇਸ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਹੈ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਹੰਗਾਮੇ ਤੇ ਜਾਮ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਪ੍ਰਸ਼ਾਸਨ ਨੇ ਮੁਸਤੈਦੀ ਨਾਲ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਕੇ ਮਾਮਲੇ ਨੂੰ ਹੱਲ ਕਰਵਾਇਆ ਤੇ ਸੜਕ ’ਤੇ ਲੱਗੇ ਭਾਰੀ ਜਾਮ ਨੂੰ ਖੁਲ੍ਹਵਾ ਕੇ ਆਵਾਜਾਈ ਬਹਾਲ ਕੀਤੀ। ਪੁਲਿਸ ਵੱਲੋਂ ਇਲਾਕੇ ਦੀ ਸਹੂਲਤ ਲਈ ਸੜਕ ਦੇ ਨਿਰਮਾਣ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।