ਮੱਕੜ ਦੇ ਘਰ ਪੁੱਜੇ ਸੁਖਬੀਰ ਬਾਦਲ ਨੇ ਕਿਹਾ-ਮੈਂ ਧੱਕਾ ਕੀਤਾ, ਮਜਬੂਰ ਸੀ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ ਸੁਖਬੀਰ ਬਾਦਲ, ਕਿਹਾ ਮੈਂ ਧੱਕਾ ਕੀਤਾ, ਮਜਬੂਰ ਸੀ, ਗਠਜੋੜ ਨਾਲ ਵਰਕਰਾਂ ਦੀ ਅਰਦਾਸ ਪੂਰੀ ਹੋਈ
Publish Date: Thu, 26 Nov 2026 09:38 PM (IST)
Updated Date: Thu, 26 Nov 2026 09:40 PM (IST)
-ਮੋਗਾ ਦੀ ਖੁਸ਼ਹਾਲ ਰੈਲੀ ਤੇ ਸਾਧਿਆ ਤਿੱਖਾ ਨਿਸ਼ਾਨਾ, ਕਿਹਾ, ਜਨਤਾ ਦੇ ਪੈਸੇ ਦਾ ਉਜਾੜਾ ਬੰਦ ਕਰੋ’ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿਖੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਦੇ ਘਰ ਪੁੱਜ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਵੀ ਮੌਜੂਦ ਰਹੇ। ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਬੇਬਾਕ ਅੰਦਾਜ਼ ਵਿੱਚ ਪੁਰਾਣੇ ਗਿਲੇ-ਸ਼ਿਕਵਿਆਂ ਦਾ ਜ਼ਿਕਰ ਕਰਦਿਆਂ ਮੱਕੜ ਸਾਹਿਬ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਉਨ੍ਹਾਂ ਨੇ ਧੱਕਾ ਕੀਤਾ ਸੀ ਪਰ ਉਹ ਉਸ ਵੇਲੇ ਮਜਬੂਰ ਸਨ। ਸੁਖਬੀਰ ਸਿੰਘ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਜਦੋਂ ਵੀ ਮਿਲਦੇ ਹਨ ਤਾਂ ਇਹੀ ਕਹਿੰਦੇ ਹਨ ਕਿ ਉਹ ਮੱਕੜ ਸਾਹਿਬ ਦੇ ਗੁਨਾਹਗਾਰ ਹਨ, ਕਿਉਂਕਿ ਉਦੋਂ ਕਿਸੇ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਇਹ ਆਗੂ ਅਤੇ ਉਨ੍ਹਾਂ ਦਾ ਪਰਿਵਾਰ ਡੱਟ ਕੇ ਨਾਲ ਖੜ੍ਹਾ ਰਿਹਾ, ਜਿਸ ਲਈ ਉਹ ਦਿਲੋਂ ਧੰਨਵਾਦ ਕਰਦੇ ਹਨ। ਬਾਦਲ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸੁਧਾਰਨ ਅਤੇ ਸੂਬੇ ਨੂੰ ਬਚਾਉਣ ਲਈ ਅੱਗੇ ਆਉਣ। ਸਿਆਸੀ ਗੱਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਗੱਠਜੋੜ ਨਾਲ ਪੰਜਾਬ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੈ ਤੇ ਲੋਕਾਂ ਤੇ ਵਰਕਰਾਂ ਦੀ ਅਰਦਾਸ ਪੂਰੀ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਰਿਸ਼ਤਾ ਸਿਰਫ਼ ਸਿਆਸੀ ਜਾਂ ਸੀਟਾਂ ਦੀ ਗੱਲਬਾਤ ਤੱਕ ਸੀਮਤ ਨਹੀਂ, ਸਗੋਂ ਦਿਲਾਂ ਤੇ ਪਰਿਵਾਰਾਂ ਦੀ ਸਾਂਝ ਨਾਲ ਜੁੜਿਆ ਹੈ, ਜਿਸ ਨਾਲ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਹੈ। ਜ਼ਿਕਰਯੋਗ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਮੁੜ ਸੁਰਜੀਤ ਹੋਣ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ---------------------- ਮੋਗੇ ਦੀ ਰੈਲੀ ਤੇ ਆਪ ਸਰਕਾਰ ਨੂੰ ਘੇਰਿਆ ਮੋਗੇ ’ਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ’ਤੇ ਤਿੱਖਾ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਪੈਸੇ ਦਾ ਉਜਾੜਾ ਕਰਨਾ ਬੰਦ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਮੌਜੂਦਾ ਸਰਕਾਰ ਤੋਂ ਨਫ਼ਰਤ ਕਰਨ ਲੱਗ ਪਏ ਹਨ ਤੇ ਬੱਸ ਸਟੈਂਡਾਂ ਤੇ ਆਮ ਥਾਵਾਂ ਤੇ ਲੋਕ ਅਤੇ ਔਰਤਾਂ ਵੀ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਅਜਿਹੀ ਖੁਸ਼ਹਾਲੀ ਨਹੀਂ ਚਾਹੀਦੀ। ਦੂਜੇ ਪਾਸੇ, ਮੋਗੇ ’ਚ ਹੋ ਰਹੀ ਆਪ ਦੀ ਰੈਲੀ ਨੂੰ 2027 ਦੀਆਂ ਚੋਣਾਂ ਦੀ ਮੁਹਿੰਮ ਤੇ ਸਰਕਾਰੀ ਸਕੀਮਾਂ ਦੇ ਪ੍ਰਚਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਦਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਵੀ 8 ਦਸੰਬਰ ਨੂੰ ਮੋਗੇ ਵਿੱਚ ਵੱਡੀ ਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ।