- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਦਾ ਉਦਘਾਟਨ

-ਹਾਕੀ ਪੰਜਾਬ ਪ੍ਰਧਾਨ, ਡੀਸੀ, ਸੀਪੀ ਤੇ ਓਲੰਪੀਅਨਾਂ ਨੇ ਬੁੱਤ ਨੂੰ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਦੱਸਿਆ
-ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸਟੇਡੀਅਮ ਨੂੰ ਤਿਆਰ ਕਰਨ ਲਈ ਖ਼ਰਚੇ ਕਰੋੜਾਂ ਰੁਪਏ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਹਾਕੀ ਦੇ ਮਹਾਨ ਖਿਡਾਰੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਸੋਮਵਾਰ ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਬੁੱਤ ਦੇ ਉਦਘਾਟਨ ਦੀ ਰਸਮ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਪੂਰਵ ਸੰਧਿਆ 'ਤੇ ਪੰਜਾਬ ਹਾਕੀ ਪ੍ਰਧਾਨ ਨਿਤਿਨ ਕੋਹਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿੱਲੋਂ, ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘੌ ਗਿੱਲ ਤੇ ਫਿਜ਼ੀਕਲ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਹਰਮਨਪ੍ਰੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਉਨ੍ਹਾਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਬੁੱਤ ਨੌਜਵਾਨ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਦੀਵੀ ਸਰੋਤ ਬਣੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਇਕ ਪ੍ਰਭਾਲਸ਼ਾਲੀ ਢਾਲ ਦੱਸਦਿਆਂ ਉਨ੍ਹਾਂ ਸੂਬਾ ਸਰਕਾਰ ਦੀ ਸੂਬੇ ਦੀ ਪੁਰਾਤਨ ਖੇਡ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਦੂਰ ਅੰਦੇਸ਼ੀ ਸੋਚ ’ਤੇ ਚਾਨਣਾ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਹ ਸਟੇਡੀਅਮ ਮਹਾਨ ਓਲੰਪੀਅਨ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਹੁਣ ਰਾਜ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਿਆਰਾਂ ਦਾ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕੇ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਵਿਸ਼ਵ ਹਾਕੀ ਦੇ ਸਭ ਤੋਂ ਵਧੀਆ ਖਿਡਾਰੀਆਂ ’ਚੋਂ ਇਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅਸਾਧਾਰਨ ਰੱਖਿਆਤਮਕ ਹੁਨਰ ਲਈ ਜਾਣਿਆ ਜਾਂਦਾ ਹੈ। ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਥੰਮ ਵਜੋਂ ਉਨ੍ਹਾਂ ਨੇ 1976 ’ਚ ਮਾਂਟਰੀਅਲ ਓਲੰਪਿਕਸ, ਦੋ ਵਰਲਡ ਕੱਪ ਤੇ 1974 ਤੇ 1978 ਦੀਆਂ ਏਸ਼ੀਅਨ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੀ ਹਰਮਨਪਿਆਰਾ 1975 ’ਚ ਹੋਰ ਵੱਧ ਗਈ ਜਦੋਂ ਉਨ੍ਹਾਂ ਨੇ ਕੁਆਲਾਲੰਪੁਰ ’ਚ ਭਾਰਤ ਨੂੰ ਇਤਿਹਾਸਕ ਵਿਸ਼ਵ ਕੱਪ ਜਿੱਤ ਦਿਵਾਉਣ ’ਚ ਮਹੱਤਵਪੂਰਣ ਭੂਮਿਕਾ ਨਿਭਾਈ। ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਉਨ੍ਹਾਂ ਦੀ ਵਿਰਾਸਤ ਭਾਰਤੀ ਹਾਕੀ ਨੂੰ ਹਮੇਸ਼ਾ ਤਰਾਸ਼ਦੀ ਰਹੇਗੀ।