ਬੇਮੌਸਮੀ ਮੀਂਹ ਨੇ ਕਿਸਾਨਾਂ ਤੇ ਰਾਈਸ ਮਿੱਲਰਾਂ ਦੀਆਂ ਚਿੰਤਾਵਾਂ ਵਧਾਈਆਂ, ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਬੇਮੌਸਮੀ ਮੀਂਹ ਨੇ ਕਿਸਾਨਾਂ ਤੇ ਰਾਈਸ ਮਿੱਲਰਾਂ ਦੀਆਂ ਚਿੰਤਾਵਾਂ ਵਧਾਈਆਂ, ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ
Publish Date: Sun, 11 Oct 2026 08:26 PM (IST)
Updated Date: Mon, 12 Oct 2026 04:06 AM (IST)
--ਮੰਡੀਆਂ ’ਚ ਪਏ ਝੋਨੇ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ, ਚੌਲਾਂ ਦੀ ਚੁਕਾਈ ਤੇ ਭੰਡਾਰਨ ਲਈ ਥਾਂ ਦੀ ਘਾਟ ਨੇ ਵਧਾਈ ਮੁਸ਼ਕਲ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਤੇ ਰਾਈਸ ਮਿੱਲ ਮਾਲਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਨਕੋਦਰ, ਜਲੰਧਰ, ਆਦਮਪੁਰ, ਕਰਤਾਰਪੁਰ, ਅਲਾਵਲਪੁਰ, ਭੋਗਪੁਰ, ਨੂਰਮਹਿਲ, ਮਹਿਤਪੁਰ, ਲੋਹੀਆਂ ਤੇ ਸ਼ਾਹਕੋਟ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਅਤੇ ਸਾਂਭ-ਸੰਭਾਲ ਨੂੰ ਲੈ ਕੇ ਮੁਸ਼ਕਲਾਂ ਪੈਦਾ ਹੋਣ ਦਾ ਖ਼ਦਸ਼ਾ ਹੈ। ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਪਏ ਝੋਨੇ ਦੇ ਮੀਂਹ ਦੀ ਲਪੇਟ ’ਚ ਆਉਣ ਕਾਰਨ ਫ਼ਸਲ ’ਚ ਨਮੀ ਵਧਣ ਤੇ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੀ ਚਿੰਤਾ ਜਤਾਈ ਜਾ ਰਹੀ ਹੈ। ਇਸ ਸਬੰਧੀ ਜਲੰਧਰ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਗਰਗ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਦੇ ਨਾਲ-ਨਾਲ ਮੰਡੀਆਂ ’ਚ ਆ ਰਹੇ ਹਾਈਬ੍ਰਿਡ ਝੋਨੇ ਦੀ ਮਿਲਿੰਗ ਵੀ ਰਾਈਸ ਮਿੱਲਰਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਅਨੁਸਾਰ ਨਕੋਦਰ, ਜਲੰਧਰ ਤੇ ਜ਼ਿਲ੍ਹੇ ਦੀਆਂ ਹੋਰ ਮੰਡੀਆਂ ’ਚ ਵੱਡੀ ਮਾਤਰਾ ’ਚ ਹਾਈਬ੍ਰਿਡ ਝੋਨਾ ਪਹੁੰਚ ਰਿਹਾ ਹੈ, ਜਿਸ ਦੀ ਛੜਾਈ ਦੌਰਾਨ ਚੌਲਾਂ ਦੇ ਟੁੱਟਣ ਦੀ ਮਾਤਰਾ ਵੱਧ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਕਪਿਲ ਗਰਗ ਨੇ ਕਿਹਾ ਕਿ ਪਹਿਲਾਂ ਹੀ ਝੋਨੇ ’ਚ ਨਮੀ ਦੀ ਵੱਧ ਮਾਤਰਾ ਕਾਰਨ ਮਿਲਿੰਗ ਦੇ ਕੰਮ ’ਚ ਮੁਸ਼ਕਲਾਂ ਆ ਰਹੀਆਂ ਸਨ ਤੇ ਹੁਣ ਬੇਮੌਸਮੀ ਮੀਂਹ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ। ਇਸ ਨਾਲ ਮਿੱਲ ਮਾਲਕਾਂ ਨੂੰ ਝੋਨੇ ਦੀ ਮਿਲਿੰਗ ਕਰਨ ਸਮੇਂ ਗੁਣਵੱਤਾ ਤੇ ਆਰਥਿਕ ਨੁਕਸਾਨ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਿਆਰ ਕੀਤੇ ਚੌਲਾਂ ਦੀ ਚੁਕਾਈ ਨਾ ਹੋਣ ਕਾਰਨ ਗੋਦਾਮਾਂ ’ਚ ਭੰਡਾਰਨ ਲਈ ਥਾਂ ਦੀ ਘਾਟ ਬਣੀ ਹੋਈ ਹੈ। ਇਸ ਕਾਰਨ ਸ਼ੈਲਰਾਂ ’ਚ ਨਵਾਂ ਝੋਨਾ ਸਟੋਰ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਹਾਲਾਤ ’ਚ ਰਾਈਸ ਮਿੱਲ ਮਾਲਕਾਂ ਲਈ ਅਗਲੀ ਮਿਲਿੰਗ ਤੇ ਭੰਡਾਰਨ ਦੀ ਵਿਵਸਥਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਲੰਧਰ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਗਰਗ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਮੰਗ ਕੀਤੀ ਕਿ ਗੋਦਾਮਾਂ ’ਚ ਪਏ ਤਿਆਰ ਚੌਲਾਂ ਦੀ ਚੁਕਾਈ ਤੇਜ਼ ਕੀਤੀ ਜਾਵੇ ਤੇ ਝੋਨੇ ਦੀ ਨਮੀ ਤੇ ਚੌਲਾਂ ਦੇ ਟੁੱਟਣ ਸਬੰਧੀ ਮਾਪਦੰਡਾਂ ਨੂੰ ਲੈ ਕੇ ਨਿਯਮਾਂ ਅਨੁਸਾਰ ਸੰਭਵ ਰਾਹਤ ਦੇਣ ਬਾਰੇ ਵਿਚਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਝੋਨੇ ਦੀ ਖ਼ਰੀਦ ਤੇ ਮਿਲਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਅਸਰ ਕਿਸਾਨਾਂ ਦੇ ਨਾਲ-ਨਾਲ ਰਾਈਸ ਮਿੱਲ ਮਾਲਕਾਂ ’ਤੇ ਵੀ ਪੈ ਸਕਦਾ ਹੈ। ਕਪਿਲ ਗਰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਦੀ ਸੁਰੱਖਿਆ, ਮੰਡੀਆਂ ’ਚ ਝੋਨੇ ਦੀ ਸੁਚੱਜੀ ਸਾਂਭ-ਸੰਭਾਲ ਤੇ ਤਿਆਰ ਚੌਲਾਂ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਣ ਲਈ ਤੁਰੰਤ ਵਿਹਾਰਕ ਨੀਤੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਤੇ ਰਾਈਸ ਮਿੱਲ ਉਦਯੋਗ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।