ਫਿਲੌਰ ਹਾਈਵੇਅ 'ਤੇ ਵੱਡਾ ਹਾਦਸਾ: ਅਣਪਛਾਤੇ ਵਾਹਨ ਦੀ ਟੱਕਰ ਨਾਲ ਚਾਰੇ ਨਾਲ ਭਰਿਆ ਕੈਂਟਰ ਪਲਟਿਆ, ਡਰਾਈਵਰ ਗੰਭੀਰ ਜ਼ਖ਼ਮੀ ਨੈਸ਼ਨਲ ਹਾਈਵੇਅ 'ਤੇ ਫਿਲੌਰ ਨੇੜੇ ਇੱਕ ਅਣਪਛਾਤੇ ਵਾਹਨ ਵੱਲੋਂ ਚਾਰੇ ਨਾਲ ਭਰੇ ਕੈਂਟਰ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਹਾਦਸੇ ਵਿੱਚ ਕੈਂਟਰ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
Publish Date: Tue, 18 Aug 2026 03:29 PM (IST)
Updated Date: Tue, 18 Aug 2026 03:30 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੈਸ਼ਨਲ ਹਾਈਵੇਅ 'ਤੇ ਫਿਲੌਰ ਨੇੜੇ ਇੱਕ ਅਣਪਛਾਤੇ ਵਾਹਨ ਵੱਲੋਂ ਚਾਰੇ ਨਾਲ ਭਰੇ ਕੈਂਟਰ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਹਾਦਸੇ ਵਿੱਚ ਕੈਂਟਰ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਨੈਸ਼ਨਲ ਹਾਈਵੇਅ ਤੋਂ MDT ਰਾਹੀਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ SSF ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਤਾ ਲੱਗਾ ਕਿ ਚਾਰੇ ਨਾਲ ਭਰਿਆ ਇੱਕ ਕੈਂਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਹਾਦਸੇ ਦਾ ਸ਼ਿਕਾਰ ਹੋਏ ਕੈਂਟਰ ਦੇ ਡਰਾਈਵਰ ਜਤਿੰਦਰ ਕੁਮਾਰ ਪੁੱਤਰ ਰੌਸ਼ਨ ਲਾਲ, ਵਾਸੀ ਨਸਰਾ ਬੰਧਨਾਂ (ਚੱਬੇਵਾਲ), ਹੁਸ਼ਿਆਰਪੁਰ ਨੇ ਦੱਸਿਆ ਕਿ ਜਦੋਂ ਉਹ ਆਪਣਾ ਕੈਂਟਰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਕੈਂਟਰ ਨੂੰ ਕੱਟ ਮਾਰ ਦਿੱਤਾ, ਜਿਸ ਕਾਰਨ ਕੈਂਟਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀ ਨੂੰ ਕੈਂਟਰ ਵਿੱਚੋਂ ਬਾਹਰ ਕੱਢ ਕੇ ਨਿੱਜੀ ਵਾਹਨ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਸੀ। ਉੱਧਰ, ਮੌਕੇ 'ਤੇ ਪਹੁੰਚੀ SSF ਟੀਮ ਨੇ ਸੁਰੱਖਿਆ ਦੇ ਮੱਦੇਨਜ਼ਰ ਕੋਨ ਲਗਾ ਕੇ ਬੈਰੀਗੇਟਿੰਗ ਕੀਤੀ ਅਤੇ ਸੜਕ 'ਤੇ ਨੁਕਸਾਨੇ ਗਏ ਵਾਹਨ ਨੂੰ ਪਾਸੇ ਹਟਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਬਹਾਲ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।