ਸੰਸਦ ’ਚ ਗੂੰਜਿਆ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮੁੱਦਾ ਐੱਮਪੀ ਚਰਨਜੀਤ ਸਿੰਘ ਚੰਨੀ ਦੇ ਸਵਾਲ 'ਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਦਿੱਤਾ ਵਿਸਥਾਰਤ ਜਵਾਬ
Publish Date: Tue, 18 Aug 2026 08:12 PM (IST)
Updated Date: Tue, 18 Aug 2026 08:15 PM (IST)
-ਐੱਮਪੀ ਚੰਨੀ ਦੇ ਸਵਾਲ ਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਨੇ ਦਿੱਤਾ ਜਵਾਬ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਕੋਡਿੰਗ ਤੇ ਆਧੁਨਿਕ ਡਿਜੀਟਲ ਤਕਨਾਲੋਜੀ ਨਾਲ ਜੋੜਨ ਲਈ ਇਕ ਵੱਡੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਲੋਕ ਸਭਾ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪੁੱਛੇ ਗਏ ਇਕ ਅਹਿਮ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਏਆਈ ਆਧਾਰਿਤ ਪੜ੍ਹਾਈ, ਏਆਈ ਲਰਨਿੰਗ ਕਿੱਟਾਂ ਤੇ ਅਧਿਆਪਕਾਂ ਦੀ ਸਿਖਲਾਈ ਲਈ ਕੇਂਦਰੀ ਸਕੀਮਾਂ ਸਮਗਰ ਸਿੱਖਿਆ ਤੇ ਪੀਐੱਮਸ਼੍ਰੀ ਤਹਿਤ ਵਿਸ਼ੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ---------------------- ਪਿਛਲੇ ਤਿੰਨ ਸਾਲਾਂ ’ਚ ਦਿੱਤੇ ਗਏ ਫੰਡ ਬਾਰੇ ਮੰਗੀ ਜਾਣਕਾਰੀ ਲੋਕ ਸਭਾ ’ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਵਾਲ ’ਚ ਸਰਕਾਰ ਤੋਂ ਪੁੱਛਿਆ ਕਿ ਕੀ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਏਆਈ ਆਧਾਰਿਤ ਪਾਠਕ੍ਰਮ ਸ਼ੁਰੂ ਕਰਨ ਬਾਰੇ ਸੋਚਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਪਿਛਲੇ ਤਿੰਨ ਸਾਲਾਂ ’ਚ ਡਿਜੀਟਲ ਇਨਫਰਾਸਟ੍ਰਕਚਰ, ਸਮਾਰਟ ਕਲਾਸਰੂਮਾਂ ਤੇ ਅਧਿਆਪਕ ਸਿਖਲਾਈ ਲਈ ਪੰਜਾਬ ਨੂੰ ਕਿੰਨਾ ਫੰਡ ਦਿੱਤਾ ਗਿਆ ਹੈ ਤੇ ਗ੍ਰਾਮੀਣ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਤੱਕ ਏਆਈ ਸਿੱਖਿਆ ਦੀ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਗਏ ਹਨ? ਇਸ ਦੇ ਨਾਲ ਹੀ ਉਨਾਂ ਪੁੱਛਿਆ ਕਿ ਕੀ ਇਸ ਲਈ ਕੇਂਦਰ ਦੁਆਰਾ ਕੋਈ ਵਿੱਤੀ ਜਾਂ ਤਕਨੀਕੀ ਸਹਾਇਤਾ ਦਿੱਤੀ ਗਈ ਹੈ? ਐੱਮਪੀ ਚੰਨੀ ਦੇ ਸਵਾਲ ਦੇ ਜਵਾਬ ’ਚ ਕੇਂਦਰੀ ਮੰਤਰੀ ਜਯੰਤ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸਾਰੇ ਸਰਕਾਰੀ ਸਕੂਲਾਂ ’ਚ ਡਿਜੀਟਲ ਸਾਖਰਤਾ, ਕੋਡਿੰਗ ਗਤੀਵਿਧੀਆਂ, ਆਈਸੀਟੀ ਆਧਾਰਿਤ ਸਿੱਖਿਆ ਤੇ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਏਆਈ ਤੇ ਹੋਰ ਨਵੀਆਂ ਤਕਨਾਲੋਜੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਸਕੂਲੀ ਪਾਠਕ੍ਰਮ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਜੀਟਲ ਲਰਨਿੰਗ ਪਲੇਟਫਾਰਮਾਂ ਰਾਹੀਂ ਬੱਚਿਆਂ ਨੂੰ ਏਆਈ ਦੀਆਂ ਮੁੱਢਲੀਆਂ ਧਾਰਨਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। --------------------------- ਪਿਛਲੇ ਤਿੰਨ ਸਾਲਾਂ ’ਚ ਡਿਜੀਟਲ ਢਾਂਚੇ ਤੇ 173 ਕਰੋੜ ਦਾ ਬਜਟ ਸਦਨ ’ਚ ਪੇਸ਼ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਪੰਜਾਬ ’ਚ ਡਿਜੀਟਲ ਇਨਫਰਾਸਟ੍ਰਕਚਰ ਤੇ ਸਮਾਰਟ ਕਲਾਸਰੂਮਾਂ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ: ਸਾਲ 2023-24: 42.5 ਕਰੋੜ ਸਾਲ 2024-25: 58.2 ਕਰੋੜ ਸਾਲ 2025-26: 72.29 ਕਰੋੜ ਕੁੱਲ ਬਜਟ (3 ਸਾਲ): ਲਗਭਗ 173 ਕਰੋੜ --------------------- ਪੰਜਾਬੀ ਭਾਸ਼ਾ ’ਚ ਏਆਈ ਸਮੱਗਰੀ ਤੇ ਪੀਐੱਮ ਈਵਿੱਦਿਆ ਚੈਨਲ ਕੇਂਦਰ ਸਰਕਾਰ ਨੇ ਦੱਸਿਆ ਕਿ ਆਤਮਨਿਰਭਰ ਭਾਰਤ ਅਭਿਆਨ ਤਹਿਤ ਪੀਐੱਮ ਈਵਿੱਦਿਆ ਪ੍ਰੋਗਰਾਮ ਅਧੀਨ ਪੰਜਾਬ ਰਾਜ ਲਈ 5 ਵਿਸ਼ੇਸ਼ ਡੀਟੀਐੱਚ ਟੀਵੀ ਚੈਨਲ ਅਲਾਟ ਕੀਤੇ ਗਏ ਹਨ। ਇਨਾਂ ਚੈਨਲਾਂ ਰਾਹੀਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ’ਚ ਪੂਰਕ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕੇਂਦਰੀ ਪੋਰਟਲ ਦੀਕਸ਼ਾ ਤੇ ਪੰਜਾਬੀ ਭਾਸ਼ਾ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਐਕਸਪਰਟ ਸਿਸਟਮ ਬਾਰੇ ਵਿਸ਼ੇਸ਼ ਈ-ਕੰਟੈਂਟ ਵੀ ਉਪਲਬਧ ਕਰਵਾਇਆ ਗਿਆ ਹੈ। -------------------- ਪਿੰਡਾਂ ਦੇ ਬੱਚਿਆਂ ਲਈ ਭਾਰਤਨੈੱਟ ਤੇ ਐੱਸਓਏਆਰ ਪਹਿਲਕਦਮੀ ਗ੍ਰਾਮੀਣ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਤੱਕ ਏਆਈ ਸਿੱਖਿਆ ਦੀ ਪਹੁੰਚ ਬਣਾਉਣ ਲਈ ਹੇਠ ਲਿਖੇ ਵੱਡੇ ਕਦਮ ਚੁੱਕੇ ਗਏ ਹਨ। ਬਜਟ 2025 ਅਧੀਨ ਪੰਜਾਬ ਦੇ ਗ੍ਰਾਮੀਣ ਖੇਤਰਾਂ ਦੇ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਨੂੰ ਹਾਈ-ਸਪੀਡ ਬ੍ਰੌਡਬੈਂਡ ਇੰਟਰਨੈੱਟ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚੱਲ ਰਹੀ ਹੈ। ਦੀਕਸ਼ਾ ਪਲੇਟਫਾਰਮ ਤੇ ਇਸ ਵੇਲੇ ਏਆਈ ਤੇ ਡਿਜੀਟਲ ਲਰਨਿੰਗ ਦੇ 59 ਕੋਰਸ ਚੱਲ ਰਹੇ ਹਨ, ਜਿਨ੍ਹਾਂ ’ਚ 9.4 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ। ਬੱਚੇ ਬਿਨਾਂ ਇੰਟਰਨੈੱਟ ਦੇ ਵੀ ਪਾਠ-ਪੁਸਤਕਾਂ ਦੇ ਕਿਊਆਰ ਕੋਡ ਸਕੈਨ ਕਰਕੇ ਪੜ੍ਹਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਕੌਸ਼ਲ ਵਿਕਾਸ ਮੰਤਰਾਲੇ ਵੱਲੋਂ 6ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਏਆਈ ਜਾਗਰੂਕਤਾ ਲਈ 15-15 ਘੰਟਿਆਂ ਦੇ 3 ਮੋਡਿਊਲ ਤੇ ਅਧਿਆਪਕਾਂ ਲਈ 45 ਘੰਟੇ ਦਾ ਏਆਈ ਫਾਰ ਐਜੂਕੇਟਰ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਵਿਆਪਕ ਯੋਜਨਾ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਲੱਖਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਉੱਚ-ਪੱਧਰੀ ਤਕਨੀਕੀ ਸਿੱਖਿਆ ਮਿਲੇਗੀ।