ਹਥਿਆਰਾਂ ਨਾਲ ਲੈਸ ਹੋ ਕੇ ਗੁਰੂਘਰ ’ਚ ਦਾਖ਼ਲ ਹੋਏ ਅਣਪਛਾਤੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ’ਚ ਦਾਖਲ ਹੋਏ ਅਣਪਛਾਤੇ ਨੌਜਵਾਨ
Publish Date: Tue, 01 Sep 2026 10:11 PM (IST)
Updated Date: Tue, 01 Sep 2026 10:13 PM (IST)
-ਬਜ਼ੁਰਗ ਵੱਲੋਂ ਲਲਕਾਰੇ ਜਾਣ ’ਤੇ ਹਥਿਆਰਬੰਦ ਮੋਟਰਸਾਈਕਲ ’ਤੇ ਫ਼ਰਾਰ -ਸੀਸੀਟੀਵੀ ’ਚ ਕੈਦ ਹੋਏ ਸ਼ੱਕੀ ਨੌਜਵਾਨ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਕੋਦਰ ਚੌਕ ਨੇੜੇ ਤੜਕਸਾਰ ਦੋ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਕ ਬਜ਼ੁਰਗ ਵੱਲੋਂ ਲਲਕਾਰੇ ਜਾਣ ’ਤੇ ਉਹ ਮੋਟਰਸਾਈਕਲ ’ਤੇ ਫਰਾਰ ਹੋ ਗਏ। ਇਸ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਨਜ਼ਦੀਕ ਨਕੋਦਰ ਚੌਕ ਦੇ ਮੁੱਖ ਸੇਵਾਦਾਰ ਤੇ ਸਿੰਘ ਸਭਾਵਾਂ ਦੇ ਬੁਲਾਰੇ ਹਰਜੋਤ ਸਿੰਘ ਲੱਕੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਰਾਤ 1.30 ਵਜੇ ਕੁਝ ਸੇਵਾਦਾਰ ਸੇਵਾ ਕਰ ਰਹੇ ਸੀ ਤੇ ਇਕ ਬਜ਼ੁਰਗ ਸਕੂਟਰ ਖੜ੍ਹਾ ਕਰ ਕੇ ਗੁਰੂਘਰ ’ਚ ਦਾਖਲ ਹੋਣ ਲੱਗਾ ਤਾਂ ਉਸੇ ਵਕਤ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਨੇ ਵਿਰੋਧ ਕੀਤਾ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੇਵਾ ਕਰ ਰਹੀ ਸੰਗਤ ਜਦੋਂ ਹੇਠਾਂ ਉਤਰੀ ਤਾਂ ਉਹ ਫਰਾਰ ਹੋ ਗਏ। ---------------------------- ਲੁੱਟ ਤੇ ਬੇਅਦਬੀ ਕਰਨ ਦੀ ਨੀਅਤ ਦਾ ਸ਼ੱਕ: ਲੱਕੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਅਜੀਤ ਨਗਰ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਜੋਤ ਸਿੰਘ ਲੱਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਗੁਰਦੁਆਰਾ ਸਾਹਿਬ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਬੰਧਕ ਕਮੇਟੀ ਵੱਲੋਂ ਸਬੰਧਤ ਪੁਲਿਸ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਤਿੰਨ ਦਿਨਾਂ ਤੱਕ ਲੁਟੇਰੇ ਕਾਬੂ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇ ਪੁਲਿਸ ਉਨਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ ਸਿੰਘ ਸਭਾਵਾਂ ਤੇ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਮਿਲ ਕੇ ਮੀਟਿੰਗ ਕਰਨ ਉਪਰੰਤ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।