- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਇਲਾਕੇ ’ਚ ਪਸ਼ੂ ਚੋਰ ਗਿਰੋਹ ਦਾ ਆਤੰਕ: ਪਹਿਲਾਂ ਚਾਨੀਆਂ ’ਚ ਬੰਧਕ ਬਣਾ ਪਸ਼ੂ ਚੋਰੀ

ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ :
ਨਕੋਦਰ ਖੇਤਰ ਵਿੱਚ ਬੇਖੌਫ਼ ਪਸ਼ੂ ਚੋਰ ਚੁਣੌਤੀ ਬਣਦੇ ਜਾ ਰਹੇ ਹਨ। 3 ਅਕਤੂਬਰ ਦੀ ਤੜਕਸਾਰ ਕਰੀਬ 2:30 ਵਜੇ ਨੇੜਲੇ ਪਿੰਡ ਧਾਰੀਵਾਲ ਵਿਖੇ ਖੇਤਾਂ ਵਿੱਚ ਬਣੀਆਂ ਦੋ ਵੱਖ-ਵੱਖ ਹਵੇਲੀਆਂ ਵਿੱਚੋਂ ਅਣਪਛਾਤੇ ਚੋਰ ਲੱਖਾਂ ਰੁਪਏ ਦੇ ਪਸ਼ੂ ਚੋਰੀ ਕਰਕੇ ਲੈ ਗਏ। ਸੜਕ ਕੰਢੇ ਗੱਡੀ ਖੜ੍ਹੀ ਕਰਕੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ 3 ਅਣਪਛਾਤੇ ਚੋਰਾਂ ਨੇ ਜੋਗੇ ਸਿੰਘ ਦੀ ਹਵੇਲੀ ਵਿੱਚੋਂ 2 ਗਾਵਾਂ ਅਤੇ ਅਮਰਜੀਤ ਸਿੰਘ ਦੀ ਹਵੇਲੀ ਵਿੱਚੋਂ 4 ਬੱਕਰੀਆਂ ਤੇ 1 ਬੱਕਰਾ ਚੋਰੀ ਕਰ ਲਿਆ। ਭੱਜਦੀਆਂ ਬੱਕਰੀਆਂ ਨੂੰ ਫੜਨ ਅਤੇ ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਨੂੰ ਚੋਰਾਂ ਨੇ ਮਹਿਜ਼ 15 ਮਿੰਟਾਂ ਵਿੱਚ ਅੰਜਾਮ ਦਿੱਤਾ। ਸਵੇਰੇ 5:30 ਵਜੇ ਘਟਨਾ ਦਾ ਪਤਾ ਲੱਗਣ ’ਤੇ ਪੀੜਤ ਪਰਿਵਾਰ ਦੇ ਮੈਂਬਰ ਕਰਨਪ੍ਰੀਤ ਸਿੰਘ ਸੀਸੀਟੀਵੀ ਫੁਟੇਜ ਦੀ ਜਾਂਚ ਕਰਦੇ ਹੋਏ ਦੁਪਹਿਰ ਵੇਲੇ ਨਕੋਦਰ ਸ਼ੰਕਰ ਚੌਕ ਬਾਈਪਾਸ ਤੱਕ ਪਹੁੰਚੇ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੇ ਵਾਰਦਾਤ ਵਿੱਚ ਕਿਸੇ ਸਥਾਨਕ ਭੇਤੀ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ 27-28 ਸਤੰਬਰ ਦੀ ਦਰਮਿਆਨੀ ਰਾਤ ਨੂੰ ਨੇੜਲੇ ਪਿੰਡ ਚਾਨੀਆਂ ਵਿਖੇ ਵੀ ਇਸੇ ਗਿਰੋਹ ਨੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉੱਥੇ ਅਰਜੁਨ ਸਿੰਘ ਤੇ ਮਲਕੀਤ ਸਿੰਘ ਦੀ ਹਵੇਲੀ ਦੇ ਪਿੱਛੇ ਗੱਡੀ ਲਗਾ ਕੇ ਛੇ ਅਣਪਛਾਤੇ ਬਦਮਾਸ਼ਾਂ ਨੇ ਧਾਵਾ ਬੋਲਿਆ ਸੀ। ਬਦਮਾਸ਼ਾਂ ਨੇ ਹਵੇਲੀ ਵਿੱਚ ਸੁੱਤੇ ਪਏ ਨੌਕਰਾਂ ਅਤੇ ਕੰਬਾਈਨ ਦੇ ਡਰਾਈਵਰ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਬਦਮਾਸ਼ ਉੱਥੋਂ ਕਰੀਬ 3 ਤੋਂ 3.5 ਲੱਖ ਰੁਪਏ ਦੀਆਂ 3 ਕੀਮਤੀ ਮੱਝਾਂ, ਕੰਬਾਈਨ ਡਰਾਈਵਰ ਦਾ ਕਰੀਬ ਡੇਢ ਲੱਖ ਰੁਪਏ ਦਾ ਮੋਬਾਈਲ ਫ਼ੋਨ, 8,000 ਰੁਪਏ ਦੀ ਨਕਦੀ, ਪਰਸ ਤੇ ਜ਼ਰੂਰੀ ਦਸਤਾਵੇਜ਼ ਲੁੱਟ ਕੇ ਫ਼ਰਾਰ ਹੋ ਗਏ ਸਨ। ਚੋਰਾਂ ਦੇ ਜਾਣ ਮਗਰੋਂ ਬੰਧਕਾਂ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਛੁਡਵਾ ਕੇ ਖੇਤਾਂ ਵੱਲ ਭੱਜ ਕੇ ਰੌਲਾ ਪਾਇਆ ਅਤੇ ਗੁਆਂਢੀਆਂ ਦੇ ਫ਼ੋਨ ਰਾਹੀਂ ਮਾਲਕਾਂ ਨੂੰ ਰਾਤ ਕਰੀਬ 3:00 ਵਜੇ ਘਟਨਾ ਦੀ ਸੂਚਨਾ ਦਿੱਤੀ ਸੀ। ਇਲਾਕੇ ’ਚ ਵਾਪਰ ਰਹੀਆਂ ਇਨ੍ਹਾਂ ਵਾਰਦਾਤਾਂ ਕਾਰਨ ਪਸ਼ੂ ਪਾਲਕਾਂ ਅਤੇ ਕਿਸਾਨਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਚੋਰ ਗਿਰੋਹ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।