ਹਾਈਵੇ ’ਤੇ ਪੰਚਰ ਖੜ੍ਹੀ ਸਕਾਰਪੀਓ ਨੂੰ ਅਣਪਛਾਤੇ ਮੋਟਰਸਾਈਕਲ ਨੇ ਮਾਰੀ ਟੱਕਰ ਹਾਈਵੇ ’ਤੇ ਪੰਚਰ ਖੜ੍ਹੀ ਸਕਾਰਪੀਓ ਨੂੰ ਅਣਪਛਾਤੇ ਮੋਟਰਸਾਈਕਲ ਨੇ ਮਾਰੀ ਟੱਕਰ
Publish Date: Thu, 15 Oct 2026 08:05 PM (IST)
Updated Date: Thu, 15 Oct 2026 08:06 PM (IST)
ਸਕਾਰਪੀਓ ਦਾ ਪਿਛਲਾ ਹਿੱਸਾ ਨੁਕਸਾਨਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਾਹਨਪੁਰ ਨੇੜੇ ਟਾਇਰ ਪੰਚਰ ਹੋਣ ਕਾਰਨ ਖੜ੍ਹੀ ਸਕਾਰਪੀਓ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸਕਾਰਪੀਓ ਦਾ ਪਿਛਲਾ ਹਿੱਸਾ ਤੇ ਸ਼ੀਸ਼ਾ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9:30 ਵਜੇ ਹਾਦਸੇ ਦੀ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚੀ। ਉੱਥੇ ਕਾਲੇ ਰੰਗ ਦੀ ਸਕਾਰਪੀਓ ਖੜ੍ਹੀ ਸੀ, ਜਿਸ ਨੂੰ ਪ੍ਰਵੀਨ ਕੁਮਾਰ ਪੁੱਤਰ ਸ਼ਿਵਦੱਤ, ਵਾਸੀ ਗੁਰਪਾਲ ਨਗਰ, ਢਾਬਾ ਰੋਡ, ਲੁਧਿਆਣਾ ਚਲਾ ਰਿਹਾ ਸੀ। ਉਹ ਆਪਣੇ ਸਾਥੀਆਂ ਸਮੇਤ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਕਿ ਕਾਹਨਪੁਰ ਨੇੜੇ ਹਾਈਵੇ ’ਤੇ ਟਾਇਰ ਪੰਚਰ ਹੋਣ ਕਾਰਨ ਗੱਡੀ ਰੋਕਣੀ ਪਈ। ਇਸ ਦੌਰਾਨ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੜ੍ਹੀ ਸਕਾਰਪੀਓ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਲੋਕਾਂ ਦੇ ਇਕੱਠੇ ਹੋਣ ’ਤੇ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ। ਸੜਕ ਸੁਰੱਖਿਆ ਫੋਰਸ ਅਨੁਸਾਰ ਹਾਦਸੇ ਵਿੱਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਸਕਾਰਪੀਓ ਮਾਲਕ ਵੱਲੋਂ ਪੁਲਿਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ।