
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

(ਹਾਰਪਿਕ ਪਿਲਾ ਕੇ ਲੈਕਚਰਾਰ ਨੇਹਾ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ)

ਹਾਰਪਿਕ ਪਿਲਾ ਕੇ ਲੈਕਚਰਾਰ ਨੇਹਾ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਕੁਝ ਦਿਨਾਂ ਪਹਿਲਾਂ ਕਰਤਾਰਪੁਰ ’ਚ ਲੈਕਚਰਾਰ ਨੇਹਾ ਨੂੰ ਹਾਰਪਿਕ ਪਿਲਾ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ’ਚ ਬੀਤੇ ਦਿਨੀਂ ਉਜੈਨ ਤੋਂ ਗ੍ਰਿਫ਼ਤਾਰ ਕੀਤੇ ਗਏ ਮ੍ਰਿਤਕਾ ਦੇ ਪਤੀ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਉਮੰਗ ਬੱਸੀ ਤੇ ਮ੍ਰਿਤਕਾ ਦੀ ਸੱਸ ਤੇ ਉਮੰਗ ਦੀ ਮਾਂ ਕੁਸੁਮ ਬੱਸੀ ਨੂੰ ਸ਼ੁੱਕਰਵਾਰ ਜਲੰਧਰ ’ਚ ਜੇਐੱਮਆਈਸੀ ਏਕਤਾ ਦੀ ਅਦਾਲਤ ’ਚ ਪੇਸ਼ ਕਰਕੇ ਪੁਲਿਸ ਵੱਲੋਂ ਉਸ ਦਾ ਪਹਿਲੀ ਸਤੰਬਰ ਤੱਕ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪੱਖ ਦੇ ਵਕੀਲ ਅਨੂਪ ਗੌਤਮ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਹਿਲਾਂ ਵੀ ਮ੍ਰਿਤਕਾ ਨੇਹਾ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ 19 ਅਗਸਤ ਨੂੰ ਲੈਕਚਰਾਰ ਨੇਹਾ ਨੂੰ ਨਾਜ਼ੁਕ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਪੀੜਤਾਂ ਨੇ ਉਸ ਵੇਲੇ ਜੱਜ ਦੀ ਮੌਜੂਦਗੀ ’ਚ ਬਿਆਨ ਦਿੱਤਾ ਸੀ ਕਿ ਉਸ ਨੂੰ ਪਤੀ ਉਮੰਗ ਤੇ ਸੱਸ ਕੁਸੁਮ ਨੇ ਹਾਰਪਿਕ ਪਿਲਾਇਆ ਸੀ। ਇਸ ਤੋਂ ਬਾਅਦ ਇਲਾਜ ਦੌਰਾਨ ਨੇਹਾ ਦੀ ਮੌਤ ਹੋ ਗਈ ਸੀ। 21 ਅਗਸਤ ਨੂੰ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਇਹ ਦੋਵੇਂ ਫ਼ਰਾਰ ਹੋ ਗਏ ਸਨ। ਜਾਂਚ ਦੌਰਾਨ ਕੇਸ ’ਚ ਕੁਤਾਹੀ ਵਰਤਣ ਵਾਲੇ ਜਾਂਚ ਅਧਿਕਾਰੀ ਬੋਧ ਰਾਜ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਥਾਣਾ ਮੁਖੀ ਰਮਨਦੀਪ ਦਾ ਤਬਾਦਲਾ ਵੀ ਮਕਸੂਦਾਂ ਥਾਣੇ ’ਚ ਕਰ ਦਿੱਤਾ ਗਿਆ ਸੀ। ਇਸ ਦੌਰਾਨ ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਗਾਂਹ ਤੋਂ ਕਿਸੇ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਨਾ ਕਰੇ।