ਲੁਟੇਰਿਆਂ ਵੱਲੋਂ ਮਜ਼ਦੂਰਾਂ ਤੇ ਜਾਨਲੇਵਾ ਹਮਲਾ, ਇਕ ਦੀ ਮੌਤ ਦੋ ਮਜ਼ਦੂਰਾਂ ਤੇ ਲੁਟੇਰਿਆਂ ਨੇ ਕੀਤਾ ਜਾਨਲੇਵਾ ਹਮਲਾ, ਇੱਕ ਦੀ ਮੌਤ, ਮਾਮਲਾ ਦਰਜ।
Publish Date: Sat, 11 Jul 2026 09:41 PM (IST)
Updated Date: Sun, 12 Jul 2026 04:16 AM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਕੋਟਲਾ ਬੱਸ ਸਟੈਂਡ ਤੇ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਸੁਨੀਲ ਕੁਮਾਰ ਪਿੰਡ ਪਲਾਸੀ ਪਟੇਲ ਪਟਨਾ ਨਗਰ ਥਾਣਾ ਤਾਰਾਬਾਦੀ ਜ਼ਿਲ੍ਹਾ ਅਰਿਆਂ, ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਮ੍ਰਿਤਕ ਦੇ ਸਾਥੀ ਰੁਪੇਸ਼ ਕੁਮਾਰ ਪੁੱਤਰ ਉਮੇਸ਼ ਮੰਡਲ ਬਾਸੀ ਵਿਹਾਰ ਹਾਲ ਵਾਸੀ ਪਿੰਡ ਚੁਗਾਵਾਂ ਨੇ ਦੱਸਿਆ ਕਿ ਬਸਤੀਆਂ ਤੋਂ ਕਾਲਾ ਸੰਘਿਆਂ ਰੋਡ ਤੇ ਪਿੰਡ ਕੋਟਲਾ ਦੇ ਬੱਸ ਸਟੈਂਡ ਨੇੜੇ ਉਹ ਆਪਣੇ ਸਾਥੀ ਸੁਨੀਲ ਕੁਮਾਰ ਨਾਲ ਪਿੰਡ ਚੁਗਾਵਾਂ ਦੇ ਭੁਪਿੰਦਰ ਸਿੰਘ ਜਿਮੀਦਾਰ ਦੇ ਖੇਤਾਂ ਵਿੱਚ ਝੋਨਾ ਲਾਉਣ ਲਈ ਜਾ ਰਹੇ ਸਨ ਅਤੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ, ਜਿਸ ਨੂੰ ਦੇਖਦੇ ਹੋਏ ਅਸੀਂ ਦੋਵੇਂ ਨੇੜੇ ਪਿੰਡ ਬੱਸ ਸਟੈਂਡ ਦੇ ਅੰਦਰ ਜਾ ਕੇ ਬੈਠ ਗਏ ਤੇ ਮੀਹ ਰੁਕਣ ਦੀ ਉਡੀਕ ਕਰ ਰਹੇ ਸੀ। ਕੁਝ ਹੀ ਸਮੇਂ ਬਾਅਦ ਕਾਲਾ ਸੰਘਿਆਂ ਵੱਲੋਂ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਤੇ ਬੱਸ ਸਟੈਂਡ ਦੇ ਅੰਦਰ ਮੋਟਰਸਾਈਕਲ ਲਗਾ ਕੇ ਰੁਕ ਗਏ। ਰੁਪੇਸ਼ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਮੋਬਾਇਲ ਫ਼ੋਨ ਦੇਣ ਲਈ ਕਿਹਾ ਗਿਆ। ਉਸ ਨੇ ਦੱਸਿਆ ਮੇਰਾ ਸਾਥੀ ਸੁਨੀਲ ਕੁਮਾਰ ਜੋ ਲੁਟੇਰਿਆਂ ਨਾਲ ਬਹਿਸ ਕਰਨ ਲੱਗ ਪਿਆ ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸ ਦੀ ਲੱਤ ਤੇ ਹਮਲਾ ਕਰ ਦਿੱਤਾ ਗਿਆ ਤੇ ਉਹ ਇਹ ਸਭ ਦੇਖ ਕੇ ਘਬਰਾ ਗਿਆ ਅਤੇ ਆਪਣਾ ਮੋਬਾਈਲ ਫ਼ੋਨ ਦੇ ਕੇ ਆਪਣੀ ਜਾਨ ਬਚਾਅ ਕੇ ਖੇਤਾਂ ਵੱਲ ਭੱਜ ਗਿਆ ਤੇ ਲੁਟੇਰੇ ਉਸਦੇ ਸਾਥੀ ਤੇ ਹਮਲਾ ਕਰ ਕੇ ਮੋਬਾਈਲ ਫ਼ੋਨ ਖੋਹ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਰੁਪੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਕੁਝ ਸਮੇਂ ਬਾਅਦ ਵਾਪਸ ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸਦਾ ਸਾਥੀ ਸੁਨੀਲ ਕੁਮਾਰ ਜਮੀਨ ਤੇ ਡਿੱਗਿਆ ਖ਼ੂਨ ਨਾਲ ਲੱਥ-ਪੱਥ ਹੋਇਆ ਪਿਆ ਸੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ 108 ਐਂਬੂਲੈਂਸ ਰਾਹੀਂ ਜ਼ਖ਼ਮੀ ਹੋਏ ਪ੍ਰਵਾਸੀ ਮਜ਼ਦੂਰ ਸੁਨੀਲ ਕੁਮਾਰ ਨੂੰ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਪਿੰਡ ਕੋਟਲਾ ਦੇ ਬੱਸ ਸਟੈਂਡ ਤੇ ਪ੍ਰਵਾਸੀ ਮਜ਼ਦੂਰ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਉਹਨਾਂ ਵੱਲੋਂ ਜਾਂਚ ਟੀਮਾਂ ਨੂੰ ਸੱਦ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਮ੍ਰਿਤਕ ਸੁਨੀਲ ਕੁਮਾਰ ਦੇ ਸਾਥੀ ਰੁਪੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।