- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਦੀਆਂ ਵਾਲੀਆਂ ਝਪਟਣ ਵਾਲੇ ਦੋ ਲੁਟੇਰੇ ਕਾਬੂ ਪੁਲਿਸ ਨਾਕਾ ਦੇਖ ਕੇ ਭੱਜੇ ਲਵਾ ਬੈਠੇ ਸੱਟਾਂ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਪੁਲਿਸ ਨੇ ਪਿਛਲੇ ਦਿਨੀ ਇਲਾਕੇ ’ਚ ਇਕ ਔਰਤ ਦੀਆਂ ਵਾਲੀਆਂ ਝਪਟ ਕੇ ਭੱਜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਜਦ ਮੁਖਬਰ ਦੀ ਸੂਚਨਾ ਦੇ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਤਾਂ ਦੋਵੇਂ ਲੁਟੇਰੇ ਪੁਲਿਸ ਨਾਕਾ ਦੇਖ ਕੇ ਭੱਜ ਪਏ ਤੇ ਅੱਗੇ ਜਾ ਕੇ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਕਰ ਗਿਆ ਤੇ ਦੋਵੇਂ ਜਾਣੇ ਹੇਠਾਂ ਡਿੱਗ ਪਏ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ ਨੇ ਦੱਸਿਆ ਕਿ ਥਾਣਾ-7 ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ 22 ਜੁਲਾਈ ਨੂੰ ਦੀਪਕ ਵਾਸੀ ਗੜ੍ਹਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਵੇਰੇ 8:30 ਵਜੇ ਉਸਦੀ ਮਾਤਾ ਸੀਤਾ ਦੇਵੀ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਤੇ ਉਸਦੇ ਕੰਨ ’ਚੋਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਸਬ ਇੰਸਪੈਕਟਰ ਸਤਪਾਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਪੁਲਿਸ ਨੇ ਇਸ ਮਾਮਲੇ ’ਚ ਹਰਮਿੰਦਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਈਸ਼ਵਰ ਕਲੋਨੀ ਕਾਲਾ ਸਿੰਘਾ ਰੋਡ ਨੂੰ ਨਾਮਜ਼ਦ ਕੀਤਾ। ਸੋਮਵਾਰ ਸਬ ਇੰਸਪੈਕਟਰ ਸਤਪਾਲ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਉਕਤ ਦੋਵੇਂ ਨੌਜਵਾਨ ਇਲਾਕੇ ’ਚ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਫੌਰੀ ਨਾਕਾਬੰਦੀ ਕੀਤੀ ਗਈ। ਜਦ ਮੋਟਰਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਹੋਰ ਤੇਜ਼ ਕਰ ਲਿਆ। ਦੋਵੇਂ ਨੌਜਵਾਨ ਥੋੜੀ ਦੂਰੀ ’ਤੇ ਹੀ ਹੇਠਾਂ ਡਿੱਗ ਪਏ ਤੇ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਪਿੱਛਾ ਕਰ ਰਹੇ ਸਬ ਇੰਸਪੈਕਟਰ ਸੱਤਪਾਲ ਨੇ ਦੋਵਾਂ ਨੂੰ ਕਾਬੂ ਕਰਕੇ ਜਦ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਹਰਮਿੰਦਰ ਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੱਸਿਆ, ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਸੀਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਇਸ ਤੋਂ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਕਈ ਮਾਮਲੇ ਦਰਜ ਹਨ। ਦੋਵਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ ਦੇ ਹੋਰ ਵੀ ਮਾਮਲੇ ਹੱਲ ਹੋਣਗੇ।