ਸਵਾਈਨ ਫਲੂ ਦੇ ਦੋ ਨਵੇਂ ਮਾਮਲੇ, 13 ਤੱਕ ਪੁੱਜੀ ਗਿਣਤੀ ਸਵਾਈਨ ਫਲੂ ਦੇ ਦੋ ਨਵੇਂ ਮਾਮਲੇ, ਗਿਣਤੀ 13 ਤੱਕ ਪਹੁੰਚੀ, ਹਸਪਤਾਲ ’ਚ ਸਟਾਫ ਤੇ ਮਰੀਜ਼ ਲਾਪਰਵਾਹ
Publish Date: Wed, 09 Sep 2026 10:42 PM (IST)
Updated Date: Wed, 09 Sep 2026 10:43 PM (IST)
- ਹਸਪਤਾਲ ’ਚ ਸਟਾਫ ਸਵਾਈਨ ਫਲੂ ਨੂੰ ਲੈ ਕੇ ਨਹੀਂ ਹੈ ਚੌਕਸ - ਸਟਾਫ ਦੇ ਕੁਝ ਮੈਂਬਰਾਂ ਨੇ ਮਾਸਕ ਪਹਿਨੇ, ਮਰੀਜ਼ਾਂ ਨੇ ਨਹੀਂ ਜਾਗਰਣ ਸੰਵਾਦਦਾਤਾ, ਜਲੰਧਰ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਸਿਵਲ ਹਸਪਤਾਲ ਦਾ ਸਟਾਫ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਨਹੀਂ ਹੈ। ਬੁੱਧਵਾਰ ਨੂੰ ਸਵਾਈਨ ਫਲੂ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ’ਚ ਮਰੀਜ਼ਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਕ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਵਿਭਾਗ ਵੱਲੋਂ ਹੁਣ ਤੱਕ ਸ਼ੱਕੀ ਸਵਾਈਨ ਫਲੂ ਦੇ ਮਰੀਜ਼ਾਂ ਦੇ 93 ਸੈਂਪਲਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਤੋਂ ਸ਼ੱਕੀ ਸਵਾਈਨ ਫਲੂ ਦੇ 12 ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੇ ਗਏ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਕ ਮਰੀਜ਼ ਬੜਾ ਪਿੰਡ ਤੇ ਦੂਜਾ ਰੇਲਵੇ ਸਟੇਸ਼ਨ ਨੇੜੇ ਸਥਿਤ ਸੋਫੀ ਮੁਹੱਲੇ ਤੋਂ ਸਵਾਈਨ ਫਲੂ ਪਾਜ਼ੀਟਿਵ ਪਾਇਆ ਗਿਆ ਹੈ। ਦੋਵੇਂ ਮਰੀਜ਼ ਡੀਐੱਮਸੀ ਹਸਪਤਾਲ ਲੁਧਿਆਣਾ ’ਚ ਦਾਖ਼ਲ ਸਨ ਤੇ ਹੁਣ ਉਨ੍ਹਾਂ ਨੂੰ ਛੁੱਟੀ ਦੇ ਕੇ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ’ਚ ਰੁੜਕਾ ਕਲਾਂ ਦੀ ਰਹਿਣ ਵਾਲੀ ਮਹਿਲਾ ਤੇ ਉਸ ਦੇ ਬੱਚੇ ਤੇ ਫੋਰਟਿਸ ਹਸਪਤਾਲ ’ਚ ਦਾਖ਼ਲ ਸਵਾਈਨ ਫਲੂ ਦੇ ਮਰੀਜ਼ਾਂ ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ। --------------------------- ਸਿਵਲ ਹਸਪਤਾਲ ’ਚ ਸਟਾਫ ਤੇ ਮਰੀਜ਼ ਸਾਵਧਾਨੀ ਨਹੀਂ ਵਰਤ ਰਹੇ ਸਿਵਲ ਹਸਪਤਾਲ ’ਚ ਆਈਸੋਲੇਸ਼ਨ ਵਾਰਡ ਤੋਂ ਇਲਾਵਾ ਹੋਰ ਵਾਰਡਾਂ ’ਚ ਤਾਇਨਾਤ ਸਟਾਫ ਬਿਨਾਂ ਮਾਸਕ, ਟੋਪੀ ਤੇ ਸ਼ੂ ਕਵਰ ਦੇ ਡਿਊਟੀ ਕਰ ਰਿਹਾ ਹੈ। ਮਰੀਜ਼ ਓਪੀਡੀ ਤੋਂ ਇਲਾਵਾ ਓਪੀਡੀ ਦੀ ਪਰਚੀ ਬਣਵਾਉਣ, ਲੈਬ ਟੈਸਟ ਲਈ ਸੈਂਪਲ ਦੇਣ ਤੇ ਰਿਪੋਰਟ ਲੈਣ ਦੇ ਨਾਲ-ਨਾਲ ਫਾਰਮੇਸੀ ਤੋਂ ਦਵਾਈਆਂ ਲੈਣ ਲਈ ਲੰਬੀਆਂ ਲਾਈਨਾਂ ’ਚ ਖੜ੍ਹੇ ਹੁੰਦੇ ਹਨ। ਇਸ ਦੌਰਾਨ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿਨਾਂ ਮਾਸਕ ਦੇ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਸਟਾਫ ਨੂੰ ਬਚਾਅ ਲਈ ਮਾਸਕ, ਦਸਤਾਨੇ, ਸ਼ੂ ਕਵਰ, ਕੈਪ ਤੇ ਗਾਊਨ ਇਕ-ਇਕ ਹਜ਼ਾਰ ਦੀ ਗਿਣਤੀ ’ਚ ਖਰੀਦ ਕੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਵਾਈਨ ਫਲੂ ਦੇ ਮਰੀਜ਼ਾਂ ਨੂੰ ਬਚਾਅ ਲਈ ਚੌਕਸੀ ਵਜੋਂ ਦਵਾਈ ਵੀ ਦਿੱਤੀ ਜਾ ਰਹੀ ਹੈ। ਹਸਪਤਾਲ ’ਚ ਸਵਾਈਨ ਫਲੂ ਦੇ ਲੈਬ ਟੈਸਟ ਕਰਨ ਲਈ ਵਿਭਾਗ ਤੋਂ ਮਨਜ਼ੂਰੀ ਮੰਗੀ ਗਈ ਹੈ।