- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮ ਕਾਬੂ

ਆਟੋ ਰਿਕਸ਼ਾ ਚਲਾਉਣ ਦੀ ਆੜ ’ਚ ਕਰਦੇ ਸਨ ਲੁੱਟਾਂ-ਖੋਹਾਂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਆਟੋ ਰਿਕਸ਼ਾ ਚਲਾਉਣ ਦੀ ਆੜ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਸੋਨੇ ਦਾ ਸਾਮਾਨ, ਵਾਰਦਾਤ ’ਚ ਵਰਤਿਆ ਆਟੋ ਤੇ 30 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਅਜਮੇਰ ਲਾਲ ਨੇ ਦੱਸਿਆ ਕਿ 15 ਸਤੰਬਰ ਨੂੰ ਧੋਬੀ ਘਾਟ ਨੇੜੇ ਨਕੋਦਰ ਚੌਕ ਵਿਖੇ ਇਕ ਆਟੋ ਚਾਲਕ ਵੱਲੋਂ ਇਕ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਖੋਹਣ ਦੀ ਵਾਰਦਾਤ ਸਾਹਮਣੇ ਆਈ ਸੀ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਆਟੋ ਚਾਲਕ ਨੇ ਵਾਲ਼ੀਆਂ ਖਿੱਚ ਕੇ ਖੋਹ ਲਈਆਂ ਤੇ ਧੱਕਾ ਮਾਰ ਕੇ ਆਪਣੇ ਸਾਥੀ ਸਮੇਤ ਆਟੋ ਨੰਬਰ ’ਤੇ ਫਰਾਰ ਹੋ ਗਿਆ।
ਮਾਮਲੇ ਦੀ ਜਾਂਚ ਦੌਰਾਨ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਸੀਸੀਟੀਵੀ ਫੁਟੇਜ ਤੇ ਖੁਫੀਆ ਸੂਚਨਾ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ। ਪੁਲਿਸ ਨੇ ਰਿਤਿਕ ਰਾਜ ਉਰਫ਼ ਨੰਨੂ ਤੇ ਸੂਰਜ ਵਾਸੀ ਲਸੂੜੀ ਮੁਹੱਲਾ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟੀਆਂ ਹੋਈਆਂ ਸੋਨੇ ਦੀਆਂ ਵਾਲ਼ੀਆਂ, ਵਾਰਦਾਤ ’ਚ ਵਰਤਿਆ ਆਟੋ ਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਦਰਜ ਮਾਮਲੇ ’ਚ ਬੀਐੱਨਐੱਸ ਦੀਆਂ ਧਾਰਾਵਾਂ ਸਮੇਤ ਐੱਨਡੀਪੀਐੱਸ ਐਕਟ ਤਹਿਤ ਵੀ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਲਜ਼ਮਾਂ ਕੋਲੋਂ ਹੋਰ ਵਾਰਦਾਤਾਂ ਤੇ ਇਨ੍ਹਾਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਸਬੰਧੀ ਪੁੱਛਗਿੱਛ ਕਰ ਰਹੀ ਹੈ।